ਹੋਰ ਖਬਰਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯਮਾਂ ਅਨੁਸਾਰ ਪ੍ਰਵਾਨ ਕੀਤੇ ਜਾਂਦੇ ਹਨ ਟੈਂਡਰ: ਭਾਈ ਰਜਿੰਦਰ ਸਿੰਘ ਮਹਿਤਾ

By Shanker Badra -- July 09, 2020 6:07 pm -- Updated:Feb 15, 2021

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯਮਾਂ ਅਨੁਸਾਰ ਪ੍ਰਵਾਨ ਕੀਤੇ ਜਾਂਦੇ ਹਨ ਟੈਂਡਰ: ਭਾਈ ਰਜਿੰਦਰ ਸਿੰਘ ਮਹਿਤਾ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਲਈ ਦੇਸੀ ਘਿਉ ਤੇ ਸੁੱਕੇ ਦੁੱਧ ਬਾਰੇ ਪੈਦਾ ਕੀਤਾ ਜਾ ਰਿਹਾ ਵਿਵਾਦ ਬੇਲੋੜਾ ਹੈ। ਜਿਸ ਦੁਆਰਾ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ ਨੇ ਪ੍ਰੈੱਸ ਮਿਲਣੀ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਖਰੀਦ ਲਈ ਅਖ਼ਬਾਰਾਂ ਵਿਚ ਬਕਾਇਦਾ ਇਸ਼ਤਿਹਾਰ ਦੇ ਕੇ ਟੈਂਡਰਾਂ ਦੀ ਮੰਗ ਕਰਦੀ ਹੈ। ਉਪਰੰਤ ਸਬੰਧਤ ਫਰਮਾਂ ਨੂੰ ਬੁਲਾ ਕੇ ਨੀਯਤ ਸਬ-ਕਮੇਟੀ ਗੱਲਬਾਤ ਕਰਦੀ ਹੈ ਅਤੇ ਮੰਗ ਮੁਤਾਬਿਕ ਐੱਗਮਾਰਕ ਪੈਮਾਨੇ ਅਨੁਸਾਰ ਘੱਟ ਰੇਟ ਵਾਲੀ ਫਰਮ ਦਾ ਟੈਂਡਰ ਪ੍ਰਵਾਨ ਕੀਤਾ ਜਾਂਦਾ ਹੈ। ਇਸੇ ਲੜੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਮਹੀਨੇ ਭਾਵ 1 ਜੁਲਾਈ 2020 ਤੋਂ 30 ਸਤੰਬਰ 2020 ਤੱਕ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਮੂਹ ਗੁਰਦੁਆਰਾ ਸਾਹਿਬਾਨ ਲਈ ਦੇਸੀ ਘਿਉ ਤੇ ਸੁੱਕਾ ਦੁੱਧ ਦੇ 26 ਜੂਨ 2020 ਨੂੰ ਟੈਂਡਰ ਮੰਗੇ ਸਨ।

ਟੈਂਡਰ ਵਿਚ ਸਭ ਤੋਂ ਘੱਟ ਰੇਟ ਸੋਨਾਈ ਕੋਅਪਰੇਟਿਵ ਸੁਸਾਇਟੀ ਪੂਨੇ ਦਾ 315 ਰੁਪਏ ਪ੍ਰਤੀ ਕਿਲੋ ਦੇਸੀ ਘਿਉ ਅਤੇ 225 ਰੁਪਏ ਪ੍ਰਤੀ ਕਿਲੋ ਸੁੱਕਾ ਦੁੱਧ (ਜੀ.ਐਸ.ਟੀ. ਵੱਖਰਾ) ਸੀ। ਦੂਸਰੇ ਨੰਬਰ ’ਤੇ ਰਾਜਸਥਾਨ ਕੋਅਪਰੇਟਿਵ ਸੁਸਾਇਟੀ ਭੀਲਪੁਰ ਦਾ ਰੇਟ 400 ਰੁਪਏ ਸਮੇਤ ਜੀ.ਐਸ.ਟੀ. ਸੀ ਅਤੇ ਤੀਸਰੇ ਨੰਬਰ ’ਤੇ ਪੰਜਾਬ ਸਹਿਕਾਰੀ ਦੁੱਧ ਉਤਪਾਦਕ ਸੰਘ, ਚੰਡੀਗੜ੍ਹ (ਵੇਰਕਾ) ਦਾ ਦੇਸੀ ਘਿਉ ਦਾ ਰੇਟ 399 ਰੁਪਏ ਪ੍ਰਤੀ ਕਿਲੋ (ਜੀ.ਐਸ.ਟੀ. ਵੱਖਰਾ) ਅਤੇ ਸੁੱਕੇ ਦੁੱਧ ਦਾ ਰੇਟ 250 ਰੁਪਏ ਪ੍ਰਤੀ ਕਿਲੋ (ਜੀ.ਐਸ.ਟੀ. ਵੱਖਰਾ) ਸੀ। ਟੈਂਡਰ ਦੀਆਂ ਸ਼ਰਤਾਂ ਤੇ ਨਿਯਮਾਂ ਅਨੁਸਾਰ ਸਭ ਤੋਂ ਘੱਟ ਰੇਟ ਵਾਲੀ ਸੋਨਾਈ ਕੋਅਪਰੇਟਿਵ ਡੇਅਰੀ ਪੂਨੇ ਦਾ ਰੇਟ ਪ੍ਰਵਾਨ ਕਰ ਲਿਆ ਗਿਆ। ਤਿੰਨ ਮਹੀਨੇ ਦੀ ਖ਼ਪਤ ਉਪਰ ਵੇਰਕੇ ਦੇ ਸੋਨਾਈ ਡੇਅਰੀ ਨਾਲੋਂ ਕੁੱਲ 5 ਕਰੋੜ 20 ਲੱਖ 56 ਹਜ਼ਾਰ 900 ਰੁਪਏ ਵੱਧ ਭਾਰ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਗੁਰਦੁਆਰਾ ਸਾਹਿਬਾਨ ਲਈ ਵੇਰਕਾ ਡੇਅਰੀ ਦਾ 31 ਮਾਰਚ 2020 ਨੂੰ ਤਾਜੇ ਦੁੱਧ ਦਾ 38 ਰੁਪਏ ਪ੍ਰਤੀ ਲੀਟਰ ਅਨੁਸਾਰ ਟੈਂਡਰ ਸਮਾਪਤ ਹੋ ਚੁੱਕਾ ਸੀ। ਤਾਲਾਬੰਦੀ ਦੌਰਾਨ ਵੇਰਕੇ ਨੂੰ ਇਸੇ ਰੇਟ ’ਤੇ ਸਪਲਾਈ ਜਾਰੀ ਰੱਖਣ ਲਈ ਕਿਹਾ ਗਿਆ ਸੀ ਪਰੰਤੂ ਉਨ੍ਹਾਂ ਵੱਲੋਂ ਘੱਟੋ-ਘੱਟ 42 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਦੀ ਸਪਲਾਈ ਦਿੱਤੀ ਗਈ। ਜਦੋਂ ਕਿ ਪੂਰੇ ਪੰਜਾਬ ਵਿਚ ਲਾਕਡਾਊਨ ਹੋਣ ਕਰਕੇ ਦੁੱਧ ਦਾ ਰੇਟ ਬਹੁਤ ਘੱਟ ਚੁੱਕਾ ਸੀ। ਜੋ ਗੱਲ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਹਨ ਕਿ ਵੇਰਕਾ ਤੋਂ ਖਰੀਦ ਨਾ ਕਰਕੇ 3.5 ਲੱਖ ਦੁੱਧ ਉਤਪਾਦਕਾਂ ਦੇ ਢਿੱਡ ’ਤੇ ਲੱਤ ਵੱਜੀ ਹੈ ਤਾਂ ਸ. ਰੰਧਾਵਾ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਵਿੱਚੋਂ ਵੇਰਕਾ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ ਵੀ ਕਿਸਾਨਾਂ ਤੋਂ ਦੁੱਧ ਦੀ ਖਰੀਦ ਕਰਦੀਆਂ ਹਨ ਜੋ ਵੇਰਕਾ ਤੋਂ ਵੀ ਚੰਗੇ ਰੇਟ ਦੇ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਾਲ 2010 ਤੋਂ ਲੈ ਕੇ ਹੁਣ ਤੱਕ ਵੇਰਕਾ ਡੇਅਰੀ ਦਾ ਕੇਵਲ ਤਿੰਨ ਵਾਰ ਹੀ ਟੈਂਡਰ ਪ੍ਰਵਾਨ ਹੋਇਆ ਹੈ, ਜਿਸ ਵਿਚ 01-10-2013 ਤੋਂ 31-03-2014 ਤੱਕ (ਛੇ ਮਹੀਨੇ) ਫਿਰ 01-04-2018 ਤੋਂ 31-03-2020 ਤੱਕ (ਦੋ ਸਾਲ) ਸਪਲਾਈ ਦਿੱਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਸਮੇਂ ਪ੍ਰੀਮੀਅਰ ਐਗਰੀ ਫੂਡ, ਕਵਾਲਿਟੀ ਡੇਅਰੀ (ਇ.) ਦਿੱਲੀ, ਨੈਸ਼ਲੇ ਇੰਡੀਆ, ਪ੍ਰੀਮੀਅਰ ਐਗਰੀ ਫੂਡਜ ਯੂ.ਪੀ, ਸਮਰਿਤੀ ਪ੍ਰੋਡਕਟਸ ਲੁਧਿਆਣਾ, ਕਿਸਾਨ ਦੁੱਧ ਉਦਯੋਗ ਬਟਾਲਾ ਤੇ ਹੈਲਥਏਡ ਫੂਡਜ, ਪ੍ਰ. ਲਿਮ., ਮਹਿਤਾ, ਅੰਮ੍ਰਿਤਸਰ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਨਿਯਮਾਂ ਅਨੁਸਾਰ ਸਪਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੋਨਾਈ ਕੰਪਨੀ ਨੇ ਇਸ ਤੋਂ ਪਹਿਲਾਂ 01-04-2015 ਤੋਂ 30-09-2015 ਤੀਕ ਵੀ ਸ਼੍ਰੋਮਣੀ ਕਮੇਟੀ ਨੂੰ ਹੋਏ ਟੈਂਡਰਾਂ ਮੁਤਾਬਿਕ ਦੁੱਧ ਪਦਾਰਥਾਂ ਦੀ ਸਪਲਾਈ ਕੀਤੀ ਸੀ। ਜਿਸ ਦੀ ਦਫ਼ਤਰੀ ਰਿਪੋਰਟਾਂ ਅਨੁਸਾਰ ਕੋਈ ਸ਼ਕਾਇਤ ਨਹੀਂ ਸੀ।

ਉਨ੍ਹਾਂ ਕਿਹਾ ਕਿ ਰੰਧਾਵਾ ਨੂੰ ਆਪਣੇ ਮਹਿਕਮੇ ਦੀਆਂ ਨਕਾਮੀਆਂ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ’ਤੇ ਸੁੱਟਣ ਦੀ ਬਜਾਏ ਮਹਿਕਮੇ ਵਿਚ ਸੁਧਾਰ ਕਰਕੇ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰੀ ਅਦਾਰੇ ਦੇ ਪੈਕ 37 ਟੀਨਾਂ ਵਿੱਚੋਂ 41 ਕਿਲੋ 330 ਗ੍ਰਾਮ ਦੇਸੀ ਘਿਉ ਘੱਟ ਨਿਕਲਿਆ, ਜਿਸ ਸਬੰਧੀ ਮਿਲਕਫੈੱਡ ਦੇ ਐਮ.ਡੀ. ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ ਸੀ, ਜਿਸ ’ਤੇ ਐਮ.ਡੀ. ਨੇ ਕੰਡੇ ਵਿਚ ਮੈਕੇਨੀਕਲ ਨੁਕਸ ਹੋਣ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ. ਰੰਧਾਵਾ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀ ਸਿਰਮੌਰ ਸੰਸਥਾ ’ਤੇ ਦੋਸ਼ ਲਗਾਉਣ ਦੀ ਬਜਾਏ ਆਪਣਾ ਮਹਿਕਮਾ ਠੀਕ ਕਰਨ ਦੀ ਬਣਦੀ ਜ਼ੁੰਮੇਵਾਰੀ ਨੂੰ ਸਮਝਣ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸ. ਰੰਧਾਵਾ ਦਾ ਬਿਆਨ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਤ ਹੈ ਇਸ ਵੱਲ ਧਿਆਨ ਨਾ ਦੇਣ।
-PTCNews

  • Share