ਬੇਬਸ ਨਾਬਾਲਿਗ ਲੜਕੀ, ਪਹਿਲਾਂ ਬਲਾਤਕਾਰ ਤੇ ਫੇਰ ਕੋਰੋਨਾ

Minor girl gang raped Delhi

ਨਵੀਂ ਦਿੱਲੀ – ਜਿੱਥੇ ਕੋਰੋਨਾ ਮਹਾਮਾਰੀ ਕਾਰਨ ਲੋਕਾਂ ਨੂੰ ਕੰਮ-ਕਾਰ ਤੇ ਜਾਨਾਂ ਬਚਾਉਣ ਦੀ ਫ਼ਿਕਰ ਲੱਗੀ ਹੋਈ ਹੈ, ਉੱਥੇ ਵੀ ਹਵਸ ‘ਚ ਅੰਨ੍ਹੇ ਹੋਏ ਲੋਕ ਬਲਾਤਕਾਰ ਵਰਗੀਆਂ ਸ਼ਰਮਨਾਕ ਘਟਨਾਵਾਂ ਨੂੰ ਅੰਜਾਮ ਦੇ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੇ ਹਨ। ਖ਼ਬਰ ਰਾਜਧਾਨੀ ਦਿੱਲੀ ਤੋਂ ਹੈ ਜਿੱਥੇ ਇੱਕ ਨਾਬਾਲਿਗ ਲੜਕੇ ਨੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਗੁਆਂਢ ‘ਚ ਰਹਿ ਰਹੀ 16 ਸਾਲਾ ਨਾਬਾਲਿਗ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ।

ਘਟਨਾ ਦੀ ਸ਼ਿਕਾਇਤ ‘ਤੇ ਮਿਲਣ ‘ਤੇ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ, ਪਰ ਇੱਕ ਹੋਰ ਵੱਡੀ ਗੱਲ ਉਦੋਂ ਸਾਹਮਣੇ ਆਈ ਜਦੋਂ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਦੀ ਮੈਡੀਕਲ ਜਾਂਚ ਕਰਵਾਈ ਗਈ। ਮੈਡੀਕਲ ਜਾਂਚ ਰਿਪੋਰਟ ‘ਚ ਬਲਾਤਕਾਰ ਦਾ ਸ਼ਿਕਾਰ ਹੋਈ ਨਾਬਾਲਿਗ ਲੜਕੀ ਕੋਰੋਨਾ ਪਾਜ਼ਿਟਿਵ ਨਿਕਲੀ। ਜਾਂਚ ਰਿਪੋਰਟ ਤੋਂ ਹੋਏ ਇਸ ਇਸ ਖੁਲਾਸੇ ਨੇ ਪੂਰੀ ਜਾਂਚ ਟੀਮ ਸਮੇਤ ਜਾਣਕਾਰਾਂ ਦੇ ਹੋਸ਼ ਉਡਾ ਦਿੱਤੇ।

ਮਾਮਲੇ ਬਾਰੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ 16 ਸਾਲਾ ਲੜਕੀ ਆਪਣੇ ਪਰਿਵਾਰ ਨਾਲ ਨਬੀ ਕਰੀਮ ਵਿੱਚ ਕਿਰਾਏ ‘ਤੇ ਰਹਿੰਦੀ ਹੈ। ਇਨ੍ਹਾਂ ਦੀ ਰਿਹਾਇਸ਼ ਵਾਲੀ ਇਮਾਰਤ ‘ਚ ਰਹਿਣ ਵਾਲੇ ਇੱਕ ਨੌਜਵਾਨ ਨੇ ਉਸ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ ਤੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਉਸ ਲੜਕੇ ਦਾ ਸਮੀਮੁੱਲਾ ਨਾਂਅ ਦਾ ਰਿਸ਼ਤੇਦਾਰ ਵੀ ਪਹੁੰਚ ਗਿਆ ਤੇ ਉਸ ਨੇ ਵੀ ਲੜਕੀ ਨਾਲ ਬਲਾਤਕਾਰ ਕੀਤਾ।

ਦੇਵੀਆਂ ਦੀ ਪੂਜਾ ਕਰਨ ਵਾਲੇ ਭਾਰਤ ‘ਚ ਬਲਾਤਕਾਰ ਦੀਆਂ ਘਟਨਾਵਾਂ ਸਮਾਜ ‘ਚ ਰਹਿੰਦੇ ਹਰ ਇੱਕ ਭਾਰਤਵਾਸੀ ਲਈ ਅਨੇਕਾਂ ਸਵਾਲ ਖੜ੍ਹੇ ਕਰਦੀਆਂ ਹਨ। 6-7 ਮਹੀਨਿਆਂ ਦੀ ਮਾਸੂਮ ਤੋਂ ਲੈ ਕੇ 60-70 ਸਾਲ ਦੀ ਔਰਤ ਤੱਕ ਅੱਜ ਕੋਈ ਵੀ ਸੁਰੱਖਿਅਤ ਨਹੀਂ। ਜਦੋਂ ਤੱਕ ਇਸ ਦੇਸ਼ ਦੀ ਹਰ ਬੱਚੀ, ਹਰ ਔਰਤ ਇਸ ‘ਡਰ’ ਦੀ ਭਾਵਨਾ ਨਾਲ ਗ੍ਰਸਤ ਰਹੇਗੀ, ਉਦੋਂ ਤੱਕ ਦੇਸ਼ ਦੀ ਤਰੱਕੀ ਦੇ ਦਾਅਵੇ ਖੋਖਲੇ ਰਹਿਣਗੇ।