ਕਾਂਗਰਸ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਕੁਪ੍ਰਬੰਧਾਂ ਕਾਰਨ ਕਿਸਾਨ ਤੰਗ ਪ੍ਰੇਸ਼ਾਨ ਤੇ ਘਾਟੇ ਝੱਲਣ ਲਈ ਮਜਬੂਰ  : ਸ਼੍ਰੋਮਣੀ ਅਕਾਲੀ ਦਲ  

By Shanker Badra - June 17, 2021 9:06 am

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਕੁਪ੍ਰਬੰਧਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨਾਲ ਸੂਬੇ ਵਿਚ ਤਬਾਹੀ ਭਰੇ ਨਤੀਜੇ ਨਿਕਲ ਸਕਦੇ ਹਨ। ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕਾਂਗਰਸ ਸਰਕਾਰ ਝੋਨੇ ਦੇ ਸੀਜ਼ਨ ਦੇ ਪਹਿਲੇ ਪੰਜ ਦਿਨਾਂ ਅੰਦਰ ਹੀ ਕਿਸਾਨਾਂ ਲਈ ਨਿਯਮਿਤ ਬਿਜਲੀ ਸਪਲਾਈ ਯਕੀਨੀ ਨਹੀਂ ਬਣਾ ਸਕੀ। ਉਹਨਾਂ ਕਿਹਾ ਕਿ ਕੀਤੇ ਵਾਅਦੇ ਅਨੁਸਾਰ 8 ਘੰਟੇ ਬਿਜਲੀ ਦੇਣਾ ਤਾਂ ਦੂਰ ਦੀ ਗੱਲ ਸੂਬੇ ਦੇ ਕਈ ਭਾਗਾਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਸਪਲਾਈ ਬਹਾਲ ਵੀ ਨਹੀਂ ਹੋਈ।

ਸ੍ਰੀ ਮਲੂਕਾ ਨੇ ਕਿਹਾ ਕਿ ਪੰਜਾਬ ਰਾਜ ਬਿਜਲੀ ਨਿਗਮ ਮਿਲਟਿਡ (PSPCL) ਸੂਬੇ ਵਿਚ ਸਪਲਾਈ ਪ੍ਰਣਾਲੀ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ  ਵਿਘਨ ਪੈਣ ਮਗਰੋਂ ਸਪਲਾਈ ਬਹਾਲ ਨਾ ਹੋਣ ’ਤੇ ਕਿਸਾਨ PSPCL ਦੇ ਦਫਤਰਾਂ ਮੂਹਰੇ ਧਰਨੇ ਲਗਾ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਉਸ ਕੋਲ ਸੂਬੇ ਦੇ ਕਈ ਭਾਗਾਂ ਵਿਚ ਬਿਜਲੀ ਸਪਲਾਈ ਬਹਾਲ ਕਰਨ ਵਾਸਤੇ ਟਰਾਂਸਫਾਰਮਰ 'ਤੇ ਤਾਰਾਂ ਵੀ ਨਹੀਂ ਹਨ। ਉਹਨਾਂ ਕਿਹਾ ਕਿ PSPCL ਦੇ ਸਟਾਫ ਨੇ ਸਮਾਨ ਦੀ ਘਾਟ ਬਾਰੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਕਈ ਦਿਨ ਪਹਿਲਾਂ ਹੀ ਆਗਾਹ ਕਰ ਦਿੱਤਾ ਸੀ ਪਰ ਕਾਂਗਰਸ ਸਰਕਾਰ ਨੇ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਇਸਦਾ ਖੰਡਨ ਕੀਤਾ ਤੇ ਦਾਅਵਾ ਕੀਤਾ ਕਿ ਸਭ ਕੁਝ ਉਪਲਬਧ ਹੈ।

ਉਹਨਾਂ ਕਿਹਾ ਕਿ ਸਰਕਾਰ ਦੇ ਝੂਠ ਹੁਣ ਜਨਤਾ ਦੇ ਸਾਹਮਣੇ ਹਨ ਕਿਉਂਕਿ ਸਮਾਨ ਉਪਲਬਧ ਨਹੀਂ ਹੈ, ਇਹ ਸਭ ਵੇਖ ਰਹੇ ਹਨ। ਸ੍ਰੀ ਮਲੂਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਦਿਹਾਤੀ ਇਲਾਕਿਆਂ ਵਿਚ ਘਰਾਂ ਲਈਵੀ ਬਿਜਲੀ ਸਪਲਾਈ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਝੱਖੜ ਆਉਣ ਮਗਰੋਂ ਲੋਕਾਂ ਵੱਲੋਂ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ PSPCL ਦੇ ਸਪਲਾਈ ਬਹਾਲ ਕਰਨ ਵਿਚ ਨਾਕਾਮ ਰਹਿਣ ’ਤੇ ਲੋਕ ਆਪ ਡਿੱਗੇ ਖੰਭੇ ਲਾਉਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਸਟਾਫ ਦੀ ਘਾਟ ਹਾਲਾਤ ਨੂੰ ਬਦ ਤੋਂ ਬਦਤਰ ਬਣਾ ਰਹੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਘਰ ਘਰ ਨੌਕਰੀ ਦੇ ਵਾਅਦੇ ਦੇ ਸਿਰ ’ਤੇ ਸੱਤਾ ਵਿਚ ਆਈ ਸੀ ਪਰ PSPCL ਵਰਗੇ ਵਿਭਾਗ ਤਕਨੀਕੀ ਮਾਮਲਿਆਂ ਲਈ ਲੋੜੀਂਦਾ ਸਟਾਫ ਭਰਤੀ ਕਰਨ ਲਈ ਤਰਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਬਜਾਏ ਨਵੀਂ ਭਰਤੀ ਸ਼ੁਰੂ ਕਰਨ ਦੇ ਇਸ ਸਰਕਾਰ ਨੇ ਪੁਨਰਗਠਨ ਦੇ ਨਾਂ ’ਤੇ ਹਜ਼ਾਰਾਂ ਆਸਾਮੀਆਂ ਖਤਮ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੂੰ ਗੂੜੀ ਨੀਂਦ ਵਿਚੋਂ ਜਾਗਣ ਤੇ ਬਿਨਾਂ ਹੋਰ ਦੇਰੀ ਦੇ ਸਿਸਟਮ ਬਹਾਲ ਕਰਨ ਲਈ ਕੰਮ ਸ਼ੁਰੂ ਕਰਨ ਵਾਸਤੇ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਅਜਿਹਾ ਖਦਸ਼ਾ ਹੈ ਕਿ ਸੂਬੇ ਵਿਚ ਸਾਰਾ ਟਰਾਂਸਮਿਸ਼ਨ ਸਿਸਟਮ ਹੀ ਢਹਿ ਢੇਰੀ ਹੋ ਜਾਵੇਗਾ।
-PTCNews

adv-img
adv-img