'ਡਿਜਿਟਲ ਠੱਗਾਂ' ਤੋਂ ਸਾਵਧਾਨ! ਮੋਬਾਈਲ ਹੈਕਿੰਗ ਨਾਲ ਹੁਣ ਬਿਨਾਂ OTP ਵੀ ਖਾਤਾ ਖਾਲੀ !

By Panesar Harinder - August 26, 2020 3:08 pm

ਨਵੀਂ ਦਿੱਲੀ - ਬੈਂਕ ਅਦਾਰਿਆਂ ਅਤੇ ਪੁਲਿਸ ਦੇ ਡਿਜੀਟਲ ਵਿੰਗ ਵੱਲੋਂ ਵੀ ਅਕਸਰ ਇਹ ਚਿਤਾਵਨੀ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਕਿ OTP (One-time password) ਜਾਂ ਵਨ ਟਾਈਮ ਪਾਸਵਰਡ ਕਦੇ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਧੋਖਾ ਹੋਣ ਦਾ ਖ਼ਤਰਾ ਰਹਿੰਦਾ ਹੈ। ਗਾਹਕਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਛੋਟੀ ਜਿਹੀ ਗ਼ਲਤੀ ਨਾਲ ਬੈਂਕ ਖਾਤਾ ਖਾਲੀ ਹੋ ਸਕਦਾ ਹੈ ਅਤੇ ਹੋਰ ਵੀ ਕਈ ਕਿਸਮ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਤਾਜ਼ਾ ਮਾਮਲਿਆਂ 'ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ ਕਿ ਬਿਨਾਂ ਓਟੀਪੀ ਦੇ ਵੀ ਖਾਤੇ 'ਚੋਂ ਪੈਸੇ ਉਡਾਏ ਜਾ ਸਕਦੇ ਹਨ। ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਖਾਤਾ ਧਾਰਕ ਨੇ ਕਿਸੇ ਨਾਲ ਓਟੀਪੀ ਸ਼ੇਅਰ ਨਹੀਂ ਕੀਤਾ, ਪਰ ਉਸ ਦੇ ਬਾਵਜੂਦ ਵੀ ਧੋਖਾ ਹੋ ਗਿਆ। ਦਰਅਸਲ ਆਨਲਾਈਨ ਧੋਖਾਧੜੀ ਕਰਨ ਵਾਲੇ 'ਡਿਜੀਟਲ ਠੱਗ' ਆਨਲਾਈਨ KYC (Know Your Customer) ਦੇ ਫ਼ੋਨ ਕਾਲ ਕਰਕੇ ਇਸ ਧੋਖਾਧੜੀ ਨੂੰ ਅੰਜਾਮ ਦੇ ਰਹੇ ਹਨ।
Mobile phone hacking

KYC (Know Your Customer) ਤਹਿਤ ਫ਼ੋਨ ਹੈਕਿੰਗ

ਪੁਲਿਸ ਦੇ ਸਾਈਬਰ ਕ੍ਰਾਇਮ ਵਿੰਗ ਕੋਲ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਗਾਹਕ ਨੂੰ ਇੱਕ ਫ਼ੋਨ ਕਾਲ ਆਉਂਦਾ ਹੈ, ਜਿਸ 'ਚ ਗੱਲ ਕਰਨ ਵਾਲਾ ਖ਼ੁਦ ਨੂੰ ਬੈਂਕ ਪ੍ਰਤੀਨਿਧੀ ਦੱਸਦੇ ਹੋਏ KYC (Know Your Customer) ਤਹਿਤ ਮਦਦ ਕਰਨ ਦੀ ਗੱਲ ਕਰਦੇ ਹਨ। ਉਹ ਗਾਹਕ ਨੂੰ ਇੱਕ ਐਪ ਡਾਉਨਲੋਡ ਕਰਨ ਲਈ ਕਹਿੰਦੇ ਹਨ ਤੇ ਮੋਬਾਈਲ ਹੈਕ ਕਰ ਲੈਂਦੇ ਹਨ। ਗਾਹਕ ਫੋਨ 'ਤੇ ਹੀ ਗੱਲ ਕਰਦਾ ਰਹਿੰਦਾ ਹੈ ਅਤੇ ਬਿਨਾਂ ਓਟੀਪੀ ਦੇ ਉਸ ਦੇ ਖਾਤੇ 'ਚ ਪੈਸੇ ਕੱਢ ਲਏ ਜਾਂਦੇ ਹਨ।

ਪੇਟੀਐੱਮ ਅਕਾਊਂਟ ਬਹਾਨੇ ਕੀਤੇ ਜਾ ਰਹੇ ਕਾਲ

ਅਜਿਹੇ ਧੋਖਾਧੜੀ ਦੇ ਕਾਲ ਪੇਟੀਐੱਮ ਦੇ ਬਹਾਨੇ ਵੀ ਕੀਤੇ ਜਾ ਰਹੇ ਹਨ। ਗਾਹਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ KYC ਪੂਰਾ ਨਹੀਂ ਕਰਨਗੇ ਤਾਂ 24 ਘੰਟਿਆਂ 'ਚ ਉਨ੍ਹਾਂ ਦਾ ਪੇਟੀਐੱਮ ਅਕਾਊਂਟ ਬੰਦ ਹੋ ਜਾਵੇਗਾ ਤੇ ਉਸ 'ਚ ਜਮ੍ਹਾ ਉਨ੍ਹਾਂ ਦੇ ਪੈਸੇ ਡੁੱਬ ਜਾਣਗੇ। ਘਬਰਾਹਟ 'ਚ ਗਾਹਕ ਉਸੇ ਤਰ੍ਹਾਂ ਕਰਦਾ ਚਲਾ ਜਾਂਦਾ ਹੈ ਜਿਸ ਤਰ੍ਹਾਂ ਉਹ 'ਸਾਈਬਰ ਚੋਰ' ਕਹਿੰਦਾ ਹੈ।
Mobile phone hacking

ਕੋਰੋਨਾ ਬਹਾਨੇ ਵੀ ਸਾਈਬਰ ਧੋਖਾਧੜੀਆਂ

ਸਾਈਬਰ ਧੋਖੇਬਾਜ਼ ਕੋਰੋਨਾ ਮਹਾਮਾਰੀ ਦਾ ਸਹਾਰਾ ਵੀ ਲੈ ਰਹੇ ਹਨ। ਫ਼ੋਨ ਕਾਲ ਕਰਨ ਵਾਲਾ ਕਹਿੰਦਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਉਹ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਉਹ ਵੈਰੀਫਿਕੇਸ਼ਨ ਲਈ ਕਿਸੇ ਦੇ ਘਰ ਨਹੀਂ ਆ ਜਾ ਸਕਦੇ, ਇਸ ਕਾਰਨ ਇਹ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ। ਭਰੋਸਾ ਕਰਨ ਵਾਲਾ ਵਿਅਕਤੀ ਉਨ੍ਹਾਂ ਦੇ ਕਹੇ ਅਨੁਸਾਰ ਚੱਲਦਾ ਚਲਾ ਜਾਂਦਾ ਹੈ, ਅਤੇ ਉਸ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਉਸ ਦੇ ਖਾਤੇ 'ਚ ਪਏ ਪੈਸਿਆਂ ਨੂੰ ਠੱਗ ਸਾਫ਼ ਕਰ ਜਾਂਦੇ ਹਨ।Mobile phone hacking

ਸਾਵਧਾਨ ਰਹੋ, ਠੱਗਾਂ ਦੇ ਕਹੇ 'ਤੇ ਡਾਊਨਲੋਡ ਨਾ ਕਰੋ ਕੋਈ ਐਪ

ਬੈਂਕ ਵੱਲੋਂ ਕਦੇ ਵੀ ਫ਼ੋਨ ਕਾਲ ਰਾਹੀਂ ਕੋਈ ਓਟੀਪੀ ਨਹੀਂ ਮੰਗੇ ਜਾਂਦੇ। ਅਜਿਹੀਆਂ ਫ਼ੋਨ ਕਾਲ ਤੋਂ ਸਾਵਧਾਨ ਰਹੋ ਅਤੇ ਅਜਿਹੇ ਧੋਖੇਬਾਜ਼ਾਂ ਦੇ ਕਹਿਣ 'ਤੇ ਕੋਈ ਐਪ ਡਾਉਨਲੋਡ ਨਾ ਕਰੋ। ਇਸ ਤਰ੍ਹਾਂ ਹੀ ਇੱਕ ਐਪ ਹੈ ਕੁਇਕ ਸਪੋਰਟ (Quick support)। ਇਹ ਇਸ ਐਪ ਰਾਹੀਂ ਮੋਬਾਈਲ ਫ਼ੋਨ ਹੈਕ ਕਰ ਕੇ ਧੋਖੇਬਾਜ਼ੀ ਕੀਤੀ ਜਾ ਰਹੀ ਹੈ। ਖ਼ੁਦ ਵੀ ਚੌਕਸ ਰਹੋ ਅਤੇ ਇਸ ਜਾਣਕਾਰੀ ਨੂੰ ਹੋਰਨਾਂ ਤੱਕ ਵੀ ਪਹੁੰਚਾਓ, ਤਾਂ ਜੋ ਸਾਈਬਰ ਠੱਗਾਂ ਤੋਂ ਵੱਧ ਤੋਂ ਵੱਧ ਬਚਾਅ ਰਹੇ।

adv-img
adv-img