ਮੁੱਖ ਖਬਰਾਂ

ਰੂਪਾ ਤੇ ਮਨੂੰ ਦੇ ਐਨਕਾਊਂਟਰ ਸਮੇਂ ਬਰਾਮਦ ਹੋਏ ਹਥਿਆਰਾਂ ਨਾਲ ਹੋਇਆ ਸੀ ਮੂਸੇਵਾਲਾ ਦਾ ਕਤਲ

By Jasmeet Singh -- August 07, 2022 2:56 pm -- Updated:August 07, 2022 3:02 pm

ਚੰਡੀਗੜ੍ਹ, 7 ਅਗਸਤ: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਦੱਸ ਦੇਈਏ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਇਹ ਪੁਸ਼ਟੀ ਹੋ ਚੁੱਕੀ ਹੈ ਕਿ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦੇ ਐਨਕਾਊਂਟਰ ਤੋਂ ਬਾਅਦ ਜਿਹੜੇ ਹਥਿਆਰ ਬਰਾਮਦ ਹੋਏ ਸਨ, ਉਨ੍ਹਾਂ ਹਥਿਆਰਾਂ ਨਾਲ ਹੀ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ।

ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਸ਼ਾਰਪਸ਼ੂਟਰਾਂ ਦਾ 20 ਜੁਲਾਈ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਨੇੜੇ ਪੰਜਾਬ ਪੁਲਿਸ ਨਾਲ ਮੁਕਾਬਲਾ ਹੋਇਆ ਸੀ, ਜਿਸ ਵਿੱਚ ਪੁਲਿਸ ਨੇ ਦੋਵਾਂ ਨੂੰ ਮਾਰ ਮੁਕਾਇਆ ਸੀ। ਉਨ੍ਹਾਂ ਕੋਲੋਂ ਬਰਾਮਦ AK-47 ਅਤੇ 9MM ਦੀ ਪਿਸਤੌਲ ਉਹੀ ਹਥਿਆਰ ਸਨ ਜੋ ਕਤਲ ਵਿੱਚ ਵਰਤੇ ਗਏ ਸਨ।

ਸੂਤਰਾਂ ਮੁਤਾਬਕ ਪੁਲਿਸ ਨੇ ਇਨ੍ਹਾਂ ਹਥਿਆਰਾਂ ਅਤੇ ਮੂਸੇਵਾਲਾ ਦੇ ਕਤਲ ਦੀ ਥਾਂ ਬਰਾਮਦ ਖੋਲਾਂ ਦੀ ਫੋਰੈਂਸਿਕ ਜਾਂਚ ਕਰਵਾਈ, ਜਿਸ ਵਿੱਚ ਇਸਦੀ ਪੁਸ਼ਟੀ ਹੋਈ ਹੈ ਕਿ ਇਹ ਕਤਲ 'ਚ ਵਰਤੇ ਗਏ ਹਥਿਆਰ ਹਨ। ਪੁਲਿਸ ਜਾਂਚ 'ਚ ਇਸ ਗੱਲ ਦਾ ਵੀ ਖੁਲਾਸਾ ਹੋਇਆ ਕਿ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਹਥਿਆਰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਮੁਹੱਈਆ ਕਰਵਾਏ ਸਨ।

ਮੂਸੇਵਾਲਾ ਕਤਲਕਾਂਡ 'ਚ ਸ਼ਾਮਲ 6 ਸ਼ਾਰਪਸ਼ੂਟਰਾਂ 'ਚ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਜਦਕਿ ਅੰਮ੍ਰਿਤਸਰ ਦੇ ਅਟਾਰੀ ਨੇੜੇ ਪਿੰਡ ਭਕਨਾ ਕਲਾਂ ਵਿਖੇ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਪੁਲਿਸ ਨੇ ਘੇਰ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ। ਸੂਤਰਾਂ ਮੁਤਾਬਕ ਦੀਪਕ ਮੁੰਡੀ ਅਜੇ ਵੀ ਫਰਾਰ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਕੁਸ਼ਤੀ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਰਵੀ ਦਹੀਆ, ਵਿਨੇਸ਼ ਤੇ ਨਵੀਨ ਨੇ ਜਿੱਤਿਆ ਸੋਨਾ


-PTC News

  • Share