ਪ੍ਰੇਮੀ ਨਾਲ ਮਿਲ ਕੇ ਭਾਬੀ ਨੇ ਕੀਤਾ ਨਨਾਣ ਦਾ ਕਤਲ

Murder OF 23 years old girl in Jagraon


ਜਗਰਾਓਂ – ਭਾਰਤੀ ਫ਼ੌਜ ਦੇ ਇੱਕ ਸੇਵਾਮੁਕਤ ਕੈਪਟਨ ਦੀ ਪੁੱਤਰੀ ਦੇ ਅੰਨ੍ਹੇ ਕਤਲ ਅਤੇ 8 ਲੱਖ ਦੇ ਲੁੱਟੇ ਗਹਿਣਿਆਂ ਦੇ ਮਾਮਲੇ ਨੂੰ ਜਗਰਾਓਂ ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਸੁਲਝਾ ਲਿਆ। ਲੜਕੀ ਦੇ ਕਾਤਲ ਉਸ ਦੀ ਭਾਬੀ ਤੇ ਭਾਬੀ ਦਾ ਪ੍ਰੇਮੀ ਨਿੱਕਲੇ, ਜਿਨ੍ਹਾਂ ਨੇ ਗਹਿਣਿਆਂ ਦੇ ਲਾਲਚ ਵਿੱਚ ਉਸ ਦਾ ਕਤਲ ਕਰ ਦਿੱਤਾ।
Murder OF 23 years old girl in Jagraon
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ, ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੁਧਾਰ ਦੇ ਪਿੰਡ ਅਕਾਲਗੜ੍ਹ ਦੇ ਰਹਿਣ ਵਾਲੇ ਸੇਵਾਮੁਕਤ ਕੈਪਟਨ ਮੇਵਾ ਸਿੰਘ ਦੀ 23 ਸਾਲਾ ਧੀ ਬਲਵੀਰ ਕੌਰ ਉਰਫ਼ ਚੀਨੂੰ ਦਾ 2 ਜੁਲਾਈ ਦੀ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ, ਜਿਸ ਦੀ ਜਾਂਚ ਉਨ੍ਹਾਂ ਨੇ ਐੱਸਪੀ ਰਾਜਵੀਰ ਸਿੰਘ ਤੇ ਡੀਐੱਸਪੀ ਮੁੱਲਾਂਪੁਰ ਦਾਖਾ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਬਣਾਈ ਟੀਮ ਨੂੰ ਸੌਂਪੀ। ਤੇਜ਼ੀ ਨਾਲ ਮਾਮਲੇ ਦੀ ਛਾਣਬੀਣ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੁਲਿਸ ਟੀਮ ਨੇ ਕਾਤਲਾਂ ਨੂੰ ਕਾਬੂ ਕਰ ਲਿਆ।
Murder OF 23 years old girl in Jagraon
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਕੈਪਟਨ ਮੇਵਾ ਸਿੰਘ ਦੇ 2 ਵਿਆਹ ਹੋਏ ਸਨ। ਉਨ੍ਹਾਂ ਦੇ ਪਹਿਲੀ ਪਤਨੀ ਜਿਸ ਦੀ ਮੌਤ ਹੋ ਗਈ ਸੀ, ਤੋਂ ਤਿੰਨ ਬੱਚੇ ਸਨ। ਵੱਡੇ ਲੜਕੇ ਜਤਿੰਦਰ ਸਿੰਘ ਤੇ ਉਸ ਦੀਆਂ ਦੋਵੇਂ ਕੁੜੀਆਂ ਦੇ ਵਿਆਹ ਕਰ ਦਿੱਤੇ ਸਨ। ਜਤਿੰਦਰ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਮੰਡੀ ਮੁੱਲਾਂਪੁਰ ਵਿਖੇ ਅਲੱਗ ਰਹਿੰਦਾ ਸੀ।
Murder OF 23 years old girl in Jagraon
ਦੂਜਾ ਵਿਆਹ ਕੈਪਟਨ ਮੇਵਾ ਸਿੰਘ ਨੇ ਬਲਵਿੰਦਰ ਕੌਰ ਨਾਲ ਰਚਾਇਆ ਤੇ ਬਲਵਿੰਦਰ ਕੌਰ ਦੀ ਇੱਕ ਲੜਕੀ ਬਲਵੀਰ ਕੌਰ ਉਰਫ਼ ਚੀਨੂੰ ਸੀ। ਸੇਵਾਮੁਕਤ ਕੈਪਟਨ ਦਾ ਲੜਕਾ ਜਤਿੰਦਰ ਸਿੰਘ ਤਿੰਨ ਸਾਲਾਂ ਲਈ ਦੁਬਈ ਚਲਾ ਗਿਆ ਸੀ, ਅਤੇ ਉਸ ਦੀ ਗ਼ੈਰ-ਹਾਜ਼ਰੀ ਦੌਰਾਨ ਉਸ ਦੀ ਪਤਨੀ ਚਰਨਜੀਤ ਕੌਰ ਦੇ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੱਸੋਵਾਲ ਨਾਲ ਨਾਜਾਇਜ਼ ਸਬੰਧ ਬਣ ਗਏ। ਗ਼ੌਰਤਲਬ ਹੈ ਕਿ ਜਤਿੰਦਰ ਸਿੰਘ ਦੇ ਦੁਬਈ ਤੋਂ ਵਾਪਸ ਆਉਣ ‘ਤੇ ਉਕਤ ਤਿੰਨੋ ਹੀ ਰਜ਼ਾਮੰਦੀ ਨਾਲ ਇਕੱਠੇ ਰਹਿਣ ਲੱਗ ਪਏ।

ਦੱਸਿਆ ਗਿਆ ਹੈ ਕਿ ਲੰਘੀ 1 ਜੁਲਾਈ ਨੂੰ ਜਤਿੰਦਰ ਸਿੰਘ ਆਪਣੀ ਪਤਨੀ ਚਰਨਜੀਤ ਕੌਰ ਨਾਲ ਪਿਤਾ ਸੇਵਾਮੁਕਤ ਕੈਪਟਨ ਨੂੰ ਮਿਲਣ ਪਿੰਡ ਅਕਾਲਗੜ੍ਹ ਗਏ। ਚਰਨਜੀਤ ਕੌਰ ਨੂੰ ਪਤਾ ਲੱਗਾ ਕਿ ਘਰ ਵਿੱਚ ਕਾਫ਼ੀ ਸੋਨਾ ਤੇ ਨਗਦੀ ਪਈ ਹੈ। ਅਗਲੇ ਦਿਨ ਆਪਣੇ ਘਰ ਵਾਪਸ ਆ ਕੇ ਚਰਨਜੀਤ ਕੌਰ ਨੇ ਆਪਣੇ ਪਤੀ ਜਤਿੰਦਰ ਦੇ ਕੰਮ ‘ਤੇ ਜਾਣ ਤੋਂ ਬਾਅਦ ਪ੍ਰੇਮੀ ਹਰਜੀਤ ਸਿੰਘ ਨਾਲ ਯੋਜਨਾ ਬਣਾਈ ਅਤੇ 2 ਜੁਲਾਈ ਦੀ ਸ਼ਾਮ ਨੂੰ ਮੁੜ ਅਕਾਲਗੜ੍ਹ ਚਲੀ ਗਈ। ਉੱਥੇ ਉਸ ਨੇ ਪ੍ਰੇਮੀ ਨਾਲ ਮਿਲ ਕੇ ਨਨਾਣ ਬਲਵੀਰ ਕੌਰ ਉਰਫ਼ ਚੀਨੂੰ ਦੇ ਪਹਿਲਾਂ ਗਲ਼ ਵਿੱਚ ਚੁੰਨੀ ਪਾ ਕੇ ਉਸ ਦਾ ਗਲ਼ਾ ਘੁੱਟਿਆ, ਤੇ ਫਿਰ ਸਿਰ ਵਿੱਚ ਸੋਟਿਆਂ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ‘ਤੋਂ ਬਾਅਦ ਚਰਨਜੀਤ ਕੌਰ ਤੇ ਉਸ ਦਾ ਪ੍ਰੇਮੀ ਹਰਜੀਤ ਸਿੰਘ ਨੇ ਘਰ ਵਿੱਚ ਪਏ ਤਕਰੀਬਨ 8 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣਿਆਂ ‘ਤੇ ਹੱਥ ਸਾਫ਼ ਕੀਤਾ ਤੇ ਲੁੱਟ ਕੇ ਫ਼ਰਾਰ ਹੋ ਗਏ। ਐੱਸਐੱਸਪੀ ਸੋਨੀ ਨੇ ਦੱਸਿਆ ਕਿ ਦੋਵਾਂ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਲੁੱਟੇ ਗਏ ਗਹਿਣੇ ਵੀ ਬਰਾਮਦ ਕਰ ਲਏ ਗਏ ਹਨ।

ਇਸ ਘਟਨਾ ਨੇ ਇਸ ਤੱਥ ਨੂੰ ਮੁੜ ਉਜਾਗਰ ਕਰ ਦਿੱਤਾ ਹੈ ਕਿ ਸਾਡੇ ਸਮਾਜ ਵਿੱਚ ਰਿਸ਼ਤੇ ਖੋਖਲੇ ਹੋ ਚੁੱਕੇ ਹਨ ਤੇ ਇਨਸਾਨੀ ਜਾਨ ਦੀ ਕੋਈ ਕੀਮਤ ਨਹੀਂ ਰਹੀ। ਅਜਿਹੀਆਂ ਨੈਤਿਕ ਕਦਰਾਂ ਕੀਮਤਾਂ ਨਾਲ ਸਮਾਜ ਤਬਾਹੀ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਆਸ ਨਹੀਂ ਰੱਖ ਸਕਦਾ।