ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਦੇ ਮਾਮਲੇ 'ਚ ਕਲਾਕਾਰ ਨੇਕ ਮੱਟਰਾਂ ਵਾਲੇ ਨੂੰ ਹਿਰਾਸਤ 'ਚ ਲਿਆ : ਸੂਤਰ

By Shanker Badra - September 15, 2021 12:09 pm

ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਬੇਅਦਬੀ ਮਾਮਲੇ 'ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ ਦੇ ਦੋਸ਼ੀ ਪਰਮਜੀਤ ਸਿੰਘ ਲੁਧਿਆਣਾ ਵਾਸੀ ਦੇ ਸਬੰਧ ਡੇਰਾ ਸਿਰਸਾ ਨਾਲ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਦੋਸ਼ੀ ਦੇ ਕੁਝ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਕੋਲੋਂ ਵੀ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਰੋਪੜ ਪੁਲਿਸ ਨੇ ਅੱਜ ਬਠਿਡਾ ਦੇ ਆਦਰਸ਼ ਨਗਰ 'ਚ ਰੇਡ ਕੀਤੀ ਹੈ। ਇਸ ਛਾਪੇਮਾਰੀ ਦੌਰਾਨ ਰੋਪੜ ਪੁਲਿਸ ਨੇ ਕਲਾਕਾਰ ਨੇਕ ਮਟਰਾਂ ਵਾਲੇ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਨੇ ਪੁੱਛਗਿੱਛ ਲਈ ਕਲਾਕਾਰ ਨੇਕ ਮਟਰਾਂ ਵਾਲੇ ਨੂੰ ਰੋਪੜ ਲਿਆਂਦਾ ਹੈ। ਕਲਾਕਾਰ ਨੇਕ ਮਟਰਾਂ ਵਾਲਾ ਡੇਰਾ ਸੱਚਾ ਸੌਦਾ ਸਿਰਸਾ ਦਾ ਸਮਰਥਕ ਹੈ ਅਤੇ ਬੇਅਦਬੀ ਕਰਨ ਵਾਲੇ ਮੁਲਜ਼ਮ ਪਰਮਜੀਤ ਸਿੰਘ ਦਾ ਸਹੁਰਾ ਦੱਸਿਆ ਜਾ ਰਿਹਾ ਹੈ।

ਫ਼ਿਲਹਾਲ ਰੋਪੜ ਪੁਲਿਸ ਨੇ ਕਿਸੇ ਗੱਲ ਦੀ ਅਜੇ ਪੁਸ਼ਟੀ ਨਹੀਂ ਕੀਤੀ। 4 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਚੱਲ ਰਹੇ ਬੇਅਦਬੀ ਦੇ ਦੋਸ਼ੀ ਦੇ ਪਿਛੋਕੜ ਤੇ ਸਹਿਯੋਗੀਆਂ ਬਾਰੇ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਦੋਸ਼ੀ ਤੇ ਉਸ ਦੇ ਸਹੁਰੇ ਪਰਿਵਾਰ ਦੀ ਬੈਂਕ ਡਿਟੇਲ ਅਤੇ ਹੋਰਨਾਂ ਸਰੋਤਾਂ ਰਾਹੀਂ ਵਿਦੇਸ਼ ਤੋਂ ਪੈਸੇ ਆਉਣ ਦੀ ਡਿਟੇਲ ਵੀ ਲੱਭੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਮਿਲੀ ਫੰਡਿੰਗ ਦਾ ਪਤਾ ਲਾਇਆ ਜਾ ਸਕੇ।

ਸੂਤਰਾਂ ਅਨੁਸਾਰ ਦੋਸ਼ੀ 12-13 ਸਤੰਬਰ ਦੀ ਦਰਮਿਆਨੀ ਰਾਤ ਨੂੰ 12 ਵਜੇ ਦੇ ਕਰੀਬ ਲੁਧਿਆਣਾ ਤੋਂ ਇਨੋਵਾ ਕ੍ਰਿਸਟਾ ਕਾਰ ’ਤੇ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਸੀ। ਉਸ ਨੇ ਇੱਥੇ ਆ ਕੇ ਤਕਰੀਬਨ 3 ਵਜੇ ਸਵੇਰੇ ਕਿਵਾੜ ਖੁੱਲ੍ਹਣ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ’ਚ ਪ੍ਰਵੇਸ਼ ਕੀਤਾ ਤੇ ਉਹ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬੈਠ ਗਿਆ। ਪੁਲਿਸ ਨੇ ਰਸਤੇ ’ਚ ਵੱਖ-ਵੱਖ ਥਾਵਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈਆਂ ਹਨ।

ਦੱਸਣਯੋਗ ਹੈ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੇਅਦਬੀ ਦੇ ਦੋਸ਼ੀ ਦਾ ਪਰਿਵਾਰ ਡੇਰਾ ਸਿਰਸਾ ਦਾ ਸ਼ਰਧਾਲੂ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਦੇ ਪਰਸ ’ਚੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੇ ਇਕ ਵਿਵਾਦਿਤ ਪੰਜਾਬੀ ਗਾਇਕ ਦੀ ਤਸਵੀਰ ਵੀ ਮਿਲੀ ਹੈ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਦੋਸ਼ੀ ਦੀ ਪੁੱਛਗਿੱਛ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੀ ਹਾਜ਼ਰੀ ’ਚ ਕੀਤੀ ਜਾ ਰਹੀ ਹੈ।
-PTCNews

adv-img
adv-img