ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਆਖਿਆ ਕਿ ਉਹ ਪੰਜਾਬ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਵਰਤੀ ਆਪਣੀ ਮੰਦੀ ਸ਼ਬਦਾਵਲੀ ਲਈ ਮੁਆਫੀ ਮੰਗਣ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਵੱਲੋਂ ਪੰਜਾਬ ਪੁਲਿਸ ਦੇ ਖਿਲਾਫ਼ ਮੰਦੀ ਸ਼ਬਦਾਵਲੀ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਇਸ ’ਤੇ ਮੂਕ ਦਰਸ਼ਕ ਬਣ ਕੇ ਬੈਠੇ ਹਨ।
ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਪਹਿਲਾਂ ਇਕ DSP ਨੂੰ ਬੋਲਣਾ ਪਿਆ ਤੇ ਹੁਣ ਐਸ ਆਈ ਨੂੰ ਬੋਲਣਾ ਪਿਆ ਹੈ। ਉਹਨਾਂ ਕਿਹਾ ਕਿ ਵਰਦੀ ਵਿਚ ਹੁੰਦਿਆਂ ਇਕ ਸ਼ਕਤੀਸ਼ਾਲੀ ਬੰਦੇ ਖਿਲਾਫ਼ ਬੋਲਣਾ ਬਹੁਤ ਔਖਾ ਹੁੰਦਾ ਹੈ ਪਰ ਇਸ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਤੋਂ ਉਹਨਾਂ ਦੇ ਅੰਦਰਲੇ ਗੁੱਸੇ 'ਤੇ ਮਾਨਸਿਕਤ ਅਵਸਥਾ ਸਮਝਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਂਗਰਸ ਦੇ ਆਗੂ ਨੁੰ ਸਮਝਾਉਣ ਕਿ ਵਰਦੀਧਾਰੀ ਪੁਲਿਸ ਦੇ ਖਿਲਾਫ਼ ਬਿਆਨਬਾਜ਼ੀ ਤੇ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੋ ਪਹਿਲਾਂ ਟਿੱਪਣੀਆਂ ਕੀਤੀਆਂ ਹਨ, ਉਹ ਵਾਪਸ ਲੈ ਕੇ ਪੁਲਿਸ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਤਾਂ ਜੋ ਪੁਲਿਸ ਦਾ ਮਨੋਬਲ ਤੇ ਵਰਦੀ ਦੀ ਇੱਜ਼ਤ ਕਾਇਮ ਰਹੇ।

-PTC News