ਮਹਾਰਾਸ਼ਟਰ ਤੇ ਗੁਜਰਾਤ ‘ਚ ਆ ਰਿਹਾ ਚੱਕਰਵਾਤੀ ਤੂਫ਼ਾਨ ‘ਨਿਸਰਗ’,  NDRF ਦੀਆਂ ਟੀਮਾਂ ਤਾਇਨਾਤ

NDRF teams deployed as cyclone Nisarga approaches Maharashtra and Gujrat
ਮਹਾਰਾਸ਼ਟਰ ਤੇ ਗੁਜਰਾਤ 'ਚ ਆ ਰਿਹਾ ਚੱਕਰਵਾਤੀ ਤੂਫ਼ਾਨ 'ਨਿਸਰਗ',  NDRF ਦੀਆਂ ਟੀਮਾਂ ਤਾਇਨਾਤ

ਮਹਾਰਾਸ਼ਟਰ ਤੇ ਗੁਜਰਾਤ ‘ਚ ਆ ਰਿਹਾ ਚੱਕਰਵਾਤੀ ਤੂਫ਼ਾਨ ‘ਨਿਸਰਗ’,  NDRF ਦੀਆਂ ਟੀਮਾਂ ਤਾਇਨਾਤ:ਮੁੰਬਈ : ਦੇਸ਼ ‘ਚ ਕੋਰੋਨਾ ਵਾਇਰਸ ਦੇ ਕਹਿਰ ਵਿਚਕਾਰ ਇੱਕ ਹੋਰ ਚੱਕਰਵਾਤੀ ਤੂਫ਼ਾਨ ਮਹਾਰਾਸ਼ਟਰ ਤੇ ਗੁਜਰਾਤ ‘ਚ ਅੱਜ ਦਸਤਕ ਦੇਣ ਵਾਲਾ ਹੈ। ਪੱਛਮੀ ਬੰਗਾਲ ਤੇ ਉਡੀਸਾ ‘ਚ ਪਿਛਲੇ ਦਿਨੀਂ ਤੂਫ਼ਾਨ ਅਮਫ਼ਾਨ ਦੀ ਤਬਾਹੀ ਤੋਂ ਬਾਅਦ ਹੁਣ ਚੱਕਰਵਾਤੀ ਤੂਫ਼ਾਨ ‘ਨਿਸਰਗ’ 3 ਜੂਨ ਯਾਨੀ ਅੱਜ ਗੁਜਰਾਤ ਅਤੇ  ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ‘ਚ ਦਸਤਕ ਦੇ ਸਕਦਾ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ 3 ਜੂਨ ਦੀ ਸ਼ਾਮ ਤਕ ਚੱਕਰਵਾਤੀ ਤੂਫ਼ਾਨ ਨਿਸਰਗ ਉੱਤਰੀ ਮਹਾਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ ਤੱਟਵਰਤੀ ਖੇਤਰਾਂ ‘ਚ ਦਸਤਕ ਦੇ ਸਕਦਾ ਹੈ।ਹਾਲਾਂਕਿ ਪ੍ਰਸ਼ਾਸਨ ਵਲੋਂ ਇਸ ਤੂਫ਼ਾਨ ਨਾਲ ਲੜਨ ਲਈ ਤਿਆਰੀ ਵੀ ਕੀਤੀ ਜਾ ਚੁੱਕੀ ਹੈ।  ਮੌਸਮ ਵਿਭਾਗ ਮੁਤਾਬਿਕ ਇਹ ਮੁੰਬਈ ਤੋਂ 200 ਕਿੱਲੋਮੀਟਰ ਦੱਖਣੀ-ਦੱਖਣੀ ਪੱਛਮ ‘ਚ ਕੇਂਦ੍ਰਿਤ ਹੈ। ਇਸ ਕਾਰਨ ਅਗਲੇ 24 ਘੰਟਿਆਂ ਦੌਰਾਨ ਉੱਤਰੀ ਕੋਂਕਣ (ਮੁੰਬਈ, ਪਾਲਘਰ, ਠਾਣੇ, ਰਾਏਗੜ੍ਹ ਜ਼ਿਲ੍ਹੇ) ਅਤੇ ਉੱਤਰੀ ਮੱਧ ਮਹਾਰਾਸ਼ਟਰ ‘ਚ ਜ਼ਬਰਦਸਤ ਬਾਰਿਸ਼ ਦਾ ਅਨੁਮਾਨ ਹੈ।

ਮੌਸਮ ਵਿਭਾਗ ਨੇ ਮੁੰਬਈ ਅਤੇ ਆਸਪਾਸ ਦੇ ਜ਼ਿਲ੍ਹਿਆਂ ਨੂੰ ਹਾਈ ਅਲਰਟ ‘ਤੇ ਪਾ ਦਿੱਤਾ ਹੈ ਅਤੇ ਐਨਡੀਆਰਐਫ ਦੀ ਟੀਮ ਨੇ ਪਾਲਘਰ ਦੇ ਤੱਟਵਰਤੀ ਇਲਾਕਿਆਂ ‘ਚ ਟੀਮਾਂ ਤਾਇਨਾਤ ਕੀਤੀਆਂ ਹਨ। ਇਨ੍ਹਾਂ ਸੂਬਿਆਂ ‘ਚ ਭਾਰੀ ਤਬਾਹੀ ਮਚਾ ਸਕਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲਬਾਤ ਕੀਤੀ ਅਤੇ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫ਼ਾਨ ਨਿਸਰਗ ਲਗਭਗ 90 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੱਟਾਂ ਨਾਲ ਟਕਰਾਏਗਾ। ਇਸ ਕਾਰਨ 3 ਤੇ 4 ਜੂਨ ਨੂੰ ਦੱਖਣੀ ਗੁਜਰਾਤ ਦੇ ਨਾਲ ਹੀ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਵੇਗਾ। ਮਹਾਰਾਸ਼ਟਰ ‘ਚ ਮੁੰਬਈ ਸਮੇਤ ਸਿੰਧਦੁਰਗ, ਰਤਨਾਗਿਰੀ, ਠਾਣੇ, ਰਾਏਗੜ੍ਹ ਅਤੇ ਪਾਲਘਰ ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਹਨ।

ਓਧਰ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਗਾਂਧੀਨਗਰ ਵਿੱਚ ਉਚ ਪੱਧਰੀ ਮੀਟਿੰਗ ਕਰਕੇ ਇਸ ਤੂਫ਼ਾਨ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਉੱਤਰੀ ਗੁਜਰਾਤ ਦੇ ਪੰਜ ਜ਼ਿਲ੍ਹਿਆਂ ਅਤੇ ਭਾਵਨਗਰ ਅਤੇ ਅਮਰੇਲੀ ਜ਼ਿਲ੍ਹੇ ਵਿੱਚ ਐਨਡੀਆਰਐਫ ਦੀਆਂ 11 ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ 3 ਤੇ 4 ਜੂਨ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ।
-PTCNews