ਅਗਲਾ ਫਾਂਸੀ ਦਾ ਰੱਸਾ ਦਿੱਲੀ ਦੇ ਦੋ ਵੱਡੇ ਬੁੱਚੜਾਂ ਟਾਇਟਲਰ ਅਤੇ ਸੱਜਣ ਦੇ ਗਲ ‘ਚ ਪਵੇਗਾ: ਸੁਖਬੀਰ

sukhbir badal

ਅਗਲਾ ਫਾਂਸੀ ਦਾ ਰੱਸਾ ਦਿੱਲੀ ਦੇ ਦੋ ਵੱਡੇ ਬੁੱਚੜਾਂ ਟਾਇਟਲਰ ਅਤੇ ਸੱਜਣ ਦੇ ਗਲ ‘ਚ ਪਵੇਗਾ: ਸੁਖਬੀਰ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਹੁਣ ਫਾਂਸੀ ਦੇ ਰੱਸੇ ਦਾ ਸਾਹਮਣਾ ਕਰਨ ਦੀ ਅਗਲੀ ਵਾਰੀ ਦਿੱਲੀ ਦੇ ਦੋ ਵੱਡੇ ਬੁੱਚੜਾਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੀ ਹੈ। ਉਹਨਾਂ ਨੇ 1984 ਕਤਲੇਆਮ ਕੇਸ ਵਿਚ ਦੋਵੇਂ ਦੋਸ਼ੀਆਂ ਨੂੰ ਕ੍ਰਮਵਾਰ ਮੌਤ ਦੀ ਸਜ਼ਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਉੱਤੇ ਤਸੱਲੀ ਪ੍ਰਗਟ ਕੀਤੀ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿਚ ਸਿੱਖਾਂ ਦੇ ਹੋਏ ਸਮੂਹਿਕ ਕਤਲੇਆਮ ਦੇ 34 ਸਾਲ ਮਗਰੋਂ ਆਖ਼ਿਰ ਕਾਨੂੰਨ ਨੇ ਦੋਸ਼ੀਆਂ ਦੀ ਸੰਘੀ ਨੱਪ ਲਈ ਹੈ ਅਤੇ ਦੋ ਦੋਸ਼ੀਆਂ ਯਸ਼ਪਾਲ ਸਿੰਘ ਅਤੇ ਨਰੇਸ਼ ਸਹਿਰਾਵਤ ਨੂੰ ਕ੍ਰਮਵਾਰ ਮੌਤ ਅਤੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।

ਉਹਨਾਂ ਕਿਹਾ ਕਿ ਆਜ਼ਾਦ ਭਾਰਤ ਅੰਦਰ ਹੋਈ 1984 ਦੀ ਸਭ ਤੋਂ ਭਿਆਨਕ ਨਸਲਕੁਸ਼ੀ ਦੌਰਾਨ ਇਹਨਾਂ ਦੋਵੇਂ ਦੋਸ਼ੀਆਂ ਨੇ ਦੱਖਣੀ ਦਿੱਲੀ ਵਿਚ ਪੈਂਦੇ ਪਿੰਡ ਮਹੀਪਾਲ ਵਿਚ ਦੋ ਸਿੱਖਾਂ ਦਾ ਕਤਲ ਕੀਤਾ ਸੀ। ਉਹਨਾਂ ਕਿਹਾ ਕਿ ਇਹ ਸਭ ਐਨਡੀਏ ਸਰਕਾਰ ਦੁਆਰਾ ਕੀਤੀ ਸਖ਼ਤ ਅਤੇ ਫੈਸਲਾਕੁਨ ਕਾਰਵਾਈ ਮਗਰੋਂ ਹੀ ਸੰਭਵ ਹੋਇਆ ਹੈ, ਜਿਸ ਨੇ ਕਤਲੇਆਮ ਦੇ ਕੇਸਾਂ ਦੇ ਛੇਤੀ ਨਿਪਟਾਰੇ ਲਈ 2015 ਵਿਚ ਸਿੱਟ ਬਣਾਈ ਸੀ। ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਕੇਸਾਂ ਨੂੰ ਕਾਂਗਰਸ ਸਰਕਾਰ ਦੁਆਰਾ ਬੰਦ ਕਰਵਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਦਿਵਾਉਣ ਵਾਸਤੇ ਇਹਨਾਂ ਕੇਸਾਂ ਨੂੰ ਦੁਬਾਰਾ ਖੋਲਣ ਲਈ ਕੀਤੀ ਬੇਨਤੀ ਨੂੰ ਸਵੀਕਾਰ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸ਼ੁਕਰਗੁਜ਼ਾਰ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨ ਦੀ ਪਾਲਣਾ ਹੋਈ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਮੁੱਚੀ ਸਿੱਖ ਕੌਮ ਕਾਂਗਰਸੀ ਆਗੂਆਂ ਟਾਈਟਲਰ ਅਤੇ ਸੱਜਣ ਕੁਮਾਰ ਨੂੰ ਉਹਨਾਂ ਵੱਲੋਂ ਮਨੁੱਖਤਾ ਖ਼ਿਲਾਫ ਕੀਤੇ ਸੰਗੀਨ ਅਪਰਾਧਾਂ ਲਈ ਵਿਰਲਿਆਂ ਵਿਚੋਂ ਵਿਰਲੇ ਕੇਸਾਂ ਤਹਿਤ ਵੱਧ ਤੋ ਵੱਧ ਸਜ਼ਾ ਦਿੱਤੇ ਜਾਣ ਦੀ ਉਡੀਕ ਕਰ ਰਹੀ ਹੈ। ਉਹਨਾਂ ਕਿਹਾ ਕਿ ਟਾਈਟਲਰ ਅਤੇ ਸੱਜਣ ਨੇ ਉਹਨਾਂ ਭੀੜਾਂ ਦੀ ਅਗਵਾਈ ਕੀਤੀ ਸੀ, ਜਿਹਨਾਂ ਨੇ ਸਿੱਖਾਂ ਦਾ ਘਰਾਂ ਵਿਚ ਅਤੇ ਦਿੱਲੀ ਦੀਆਂ ਗਲੀਆਂ ਵਿਚ ਕਤਲੇਆਮ ਕੀਤਾ ਸੀ ਅਤੇ ਉਹਨਾਂ ਦੀਆਂ ਦੁਕਾਨਾਂ ਨੂੰ ਸਾੜ ਦਿੱਤਾ ਸੀ। ਟਾਈਟਲਰ ਵਰਗਿਆਂ ਨੇ ਸ਼ਰੇਆਮ 100 ਸਿੱਖਾਂ ਨੂੰ ਮਾਰਨ ਦਾ ਇਕਬਾਲ ਕਰਦਿਆਂ ਆਪਣੇ ਸ਼ਰਮਨਾਕ ਕਾਰਨਾਮਿਆਂ ਬਾਰੇ ਸ਼ੇਖੀਆਂ ਮਾਰ ਕੇ ਪੂਰੇ ਸਿੱਖ ਭਾਈਚਾਰੇ, ਦੇਸ਼ ਅਤੇ ਕਾਨੂੰਨ ਦਾ ਮਜ਼ਾਕ ਉਡਾਇਆ ਸੀ।

ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਦਾ ਕਤਲੇਆਮ ਕਰਨ ਲਈ ਉਹ ਫਾਂਸੀ ਦੀ ਸਜ਼ਾ ਦੇ ਹੱਕਦਾਰ ਹਨ। ਬਾਦਲ ਨੇ ਕਿਹਾ ਕਿ ਸਿੱਖ ਕਤਲੇਆਮ ਦੇ ਦੋ ਦੋਸ਼ੀਆਂ ਨੂੰ ਮਿਲੀ ਸਜ਼ਾ ਨੇ ਸਿੱਖ ਭਾਈਚਾਰੇ ਅੰਦਰ ਇਹ ਆਸ ਦੀ ਕਿਰਨ ਜਗਾ ਦਿੱਤੀ ਹੈ ਕਿ ਇਸ ਕਤਲੇਆਮ ਦੇ ਮੁੱਖ ਸਾਜ਼ਿਸ਼ਕਾਰਾਂ ਨੂੰ ਵੀ ਕਾਨੂੰਨ ਦੇ ਕਟਿਹਰੇ ਵਿਚ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਹਰ ਸਿੱਖ ਜਾਣਦਾ ਹੈ ਕਿ ਇਹ ਭਿਆਨਕ ਕਤਲੇਆਮ ਕਾਂਗਰਸ ਸਰਕਾਰ ਦੀ ਮਿਲੀਭੁਗਤ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਕੀਤਾ ਗਿਆ ਸੀ।ਇੱਥੋਂ ਤਕ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਸਿੱਖਾਂ ਦਾ ਕਤਲੇਆਮ, ਉਹਨਾਂ ਦੀਆਂ ਦੁਕਾਨਾਂ ਅਤੇ ਗੁਰਦੁਆਰਿਆਂ ਦੀ ਸਾੜ-ਫੂਕ ਆਪਣੀਆਂ ਅੱਖਾਂ ਨਾਲ ਵੇਖਣ ਲਈ ਟਾਈਟਲਰ ਨਾਲ ਗੱਡੀ ਵਿਚ ਬੈਠ ਕੇ ਦਿੱਲੀ ਦੀਆਂ ਗਲੀਆਂ ਵਿਚ ਘੁੰਮਿਆ ਸੀ।

sukhbirਉਹਨਾਂ ਕਿਹਾ ਕਿ ਰਾਜੀਵ ਗਾਂਧੀ ਨੇ ਬੜੀ ਢੀਠਤਾਈ ਨਾਲ ਇਹ ਕਹਿ ਕੇ ਸਿੱਖਾਂ ਦੇ ਕਤਲੇਆਮ ਨੂੰ ਸਹੀ ਠਹਿਰਾਇਆ ਸੀ ਕਿ ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੀ ਹੈ। ਉਹਨਾਂ ਕਿਹਾ ਕਿ ਹੁਣ ਗਾਂਧੀ ਪਰਿਵਾਰ ਦੇ ਦਿਨ ਪੁੱਗ ਗਏ ਹਨ। ਹੁਣ ਸਾਨੂੰ ਉਮੀਦ ਹੈ ਕਿ ਇੱਕ ਵਾਰੀ ਟਾਈਟਲਰ ਅਤੇ ਸੱਜਣ ਕੁਮਾਰ ਦੀਆਂ ਗਰਦਨਾਂ ਦੁਆਲਾ ਫਾਂਸੀ ਦਾ ਰੱਸਾ ਕਸਿਆ ਗਿਆ ਤਾਂ ਇਸ ਕਤਲੇਆਮ ਪਿੱਛੇ ਗਾਂਧੀ ਪਰਿਵਾਰ ਅਤੇ ਦੂਜੇ ਕਾਂਗਰਸੀ ਆਗੂਆਂ ਦੀ ਭੁਮਿਕਾ ਵੀ ਜੱਗ ਜਾਹਿਰ ਹੋ ਜਾਵੇਗੀ ਅਤੇ ਉਹਨਾਂ ਸਾਰਿਆਂ ਖ਼ਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਕਰਕੇ 1984 ਦੇ ਪੀੜਤ ਪਰਿਵਾਰਾਂ ਨੇ ਬਹੁਤ ਦੁੱਖ ਭੋਗੇ ਹਨ। ਕਾਂਗਰਸੀ ਸਰਕਾਰਾਂ ਨੇ ਇਸ ਸਮੂਹਿਕ ਕਤਲੇਆਮ ਦੇ ਸਬੂਤ ਤਕ ਖ਼ਤਮ ਕੀਤੇ ਹਨ। ਉਹਨਾਂ ਕਿਹਾ ਕਿ ਵਾਜਪਾਈ ਸਰਕਾਰ ਵੱਲੋਂ ਬਣਾਏ ਨਾਨਾਵਤੀ ਕਮਿਸ਼ਨ ਦੁਆਰਾ ਸਿੱਖ ਕਤਲੇਆਮ ਲਈ ਸਪੱਸ਼ਟ ਤੌਰ ਤੇ ਟਾਈਟਲਰ, ਸੱਜਣ ਅਤੇ ਐਚਕੇਐਲ ਭਗਤ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬਾਵਜੂਦ ਵੀ ਕਤਲੇਆਮ ਦੇ ਕੇਸਾਂ ਵਿਚ ਐਫਆਈਆਰਜ਼ ਦਰਜ ਕਰਵਾਉਣ ਲਈ 11 ਕਮਿਸ਼ਨ ਅਤੇ 9 ਵਰੇ ਲੱਗੇ। ਉਹਨਾਂ ਕਿਹਾ ਕਿ ਅੱਜ ਵਾਲਾ ਕੇਸ ਵੀ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਮੋਦੀ ਸਰਕਾਰ ਵੱਲੋਂ ਬਣਾਈ ਸਿੱਟ ਨੇ ਦੁਬਾਰਾ ਖੁਲਵਾ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਹੈ।

ਇਹ ਟਿੱਪਣੀ ਕਰਦਿਆਂ ਕਿ ਹੁਣ ਹਾਲਾਤ ਬਦਲ ਗਏ ਹਨ, ਸਰਦਾਰ ਬਾਦਲ ਨੇ ਕਿਹਾ ਕਿ ਦੋਸ਼ੀਆਂ ਨੂੰ ਹੁਣ ਤਾਪ ਚੜ•ਣਾ ਸ਼ੁਰੂ ਹੋ ਗਿਆ ਹੈ। ਮੈਂ ਉਹਨਾਂ ਗਵਾਹਾਂ ਨੂੰ, ਜਿਹੜੇ ਪਹਿਲਾਂ ਕਿਸੇ ਡਰ ਕਰਕੇ ਗਵਾਹੀ ਦੇਣ ਲਈ ਅੱਗੇ ਨਹੀਂ ਸੀ ਆਏ, ਅਪੀਲ ਕਰਦਾ ਹਾਂ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਗਵਾਹੀਆਂ ਦੇਣ। ਉਹਨਾਂ ਕਿਹਾ ਕਿ ਅਕਾਲੀ ਦਲ ਪੀੜਤ ਪਰਿਵਾਰਾਂ ਦੀ ਮੱਦਦ ਕਰਨਾ ਜਾਰੀ ਰੱਖੇਗਾ ਅਤੇ ਉਹਨਾਂ ਦੇ ਕੇਸਾਂ ਨੂੰ ਲੜਣ ਵਿਚ ਪੂਰੀ ਮੱਦਦ ਕਰੇਗਾ, ਤਾਂ ਕਿ ਸਿੱਖ ਭਾਈਚਾਰੇ ਨੂੰ ਇਨਸਾਫ ਮਿਲ ਸਕੇ।

—PTC News