ਨਿਊਜ਼ੀਲੈਂਡ ‘ਚ ਆਖ਼ਰੀ ਕੋਰੋਨਾ ਮਰੀਜ਼ ਨੂੰ ਮਿਲੀ ਛੁੱਟੀ, 8 ਦਿਨਾਂ ਤੋਂ ਨਹੀਂ ਆਇਆ ਕੋਈ ਨਵਾਂ ਕੇਸ

https://www.ptcnews.tv/wp-content/uploads/2020/05/WhatsApp-Image-2020-05-30-at-2.20.29-PM.jpeg

ਨਿਊਜ਼ੀਲੈਂਡ ‘ਚ ਆਖ਼ਰੀ ਕੋਰੋਨਾ ਮਰੀਜ਼ ਨੂੰ ਮਿਲੀ ਛੁੱਟੀ, 8 ਦਿਨਾਂ ਤੋਂ ਨਹੀਂ ਆਇਆ ਕੋਈ ਨਵਾਂ ਕੇਸ : ਜਿਵੇਂ ਕਿ ਦੁਨੀਆ ਭਰ ਦੇ ਦੇਸ਼ ਅਜੇ ਵੀ ਕੋਵਿਡ -19 ਕੇਸਾਂ ਦੀ ਵੱਧ ਰਹੀ ਗਿਣਤੀ ਨਾਲ ਜੂਝ ਰਹੇ ਹਨ, ਨਿਊਜ਼ੀਲੈਂਡ ਕੋਰੋਨਾ ਵਿਰੁਧ ਲੜਾਈ ਵਿਚ ਜੇਤੂ ਬਣ ਕੇ ਸਾਹਮਣੇ ਆਇਆ ਹੈ । ਦੱਸ ਦੇਈਏ ਕਿ ਦੇਸ਼ ਨੇ ਬੀਤੇ ਬੁੱਧਵਾਰ ਨੂੰ ਆਕਲੈਂਡ ਦੇ ਮਿਡਲਮੋਰ ਹਸਪਤਾਲ ਤੋਂ ਆਪਣੇ ਆਖਰੀ ਕੋਰੋਨਵਾਇਰਸ ਮਰੀਜ਼ ਨੂੰ ਛੁੱਟੀ ਦੇ ਦਿੱਤੀ ਹੈ ਅਤੇ 8 ਦਿਨਾਂ ਬਾਅਦ ਕੋਈ ਨਵਾਂ ਕੋਰੋਨਾ ਕੇਸ ਇਸ ਦੇਸ਼ ‘ਚ ਦਰਜ ਨਹੀਂ ਕੀਤਾ ਗਿਆ ।

ਜਾਨਸ ਹਾਪਕਿਨਜ਼ ਦੇ ਕੋਰੋਨਾਵਾਇਰਸ ਰਿਸੋਰਸ ਸੈਂਟਰ ਦੇ ਅਨੁਸਾਰ, ਦੇਸ਼ ‘ਚ ਲਗਭਗ 1500 ਕੋਰੋਨਾ ਮਾਮਲਿਆਂ ਅਤੇ 21 ਮੌਤਾਂ ਦੀ ਪੁਸ਼ਟੀ ਕੀਤੀ ਗਈ , ਜੋ ਕਿ ਦੂਜੇ ਦੇਸ਼ਾਂ ਨਾਲੋਂ ਕਿਤੇ ਘੱਟ ਹੈ। ਮਾਰੂ ਵਾਇਰਸ ਨਾਲ ਨਜਿੱਠਣ ਵਿਚ ਸਫ਼ਲਤਾ ਹਾਸਿਲ ਦਾ ਕਾਰਨ ਪ੍ਰਧਾਨ ਮੰਤਰੀ ਜੈਕਿੰਡਾ ਆਰਡਨ ਦੀ ਪ੍ਰਭਾਵਸ਼ਾਲੀ ਲੀਡਰਸ਼ਿਪ, ਜਲਦ ਤਾਲਾਬੰਦੀ ਲਾਗੂ ਹੋਣਾ, ਸਮਾਜਕ ਦੂਰੀ ਅਤੇ ਤਰੀਕੇ ਅਤੇ ਸੋਝੀ ਨਾਲ ਸਾਰੀ ਸਥਿੱਤੀ ਨੂੰ ਕਾਬੂ ਕਰਨ ਨਾਲ ਹੀ ਸੰਭਵ ਹੋ ਸਕਿਆ ਹੈ ।

ਤਾਲਾਬੰਦੀ ਦੇ 2 ਮਹੀਨੇ ਬਾਅਦ ਹੁਣ ਨਿਊਜ਼ੀਲੈਂਡ ‘ਚ ਜ਼ਿੰਦਗੀ ਮੁੜ ਰਵਾਂ ਹੋਣ ਲੱਗੀ ਹੈ । ਮਿਲੀ ਜਾਣਕਾਰੀ ਮੁਤਾਬਿਕ ਵਿੱਤ ਮੰਤਰੀ ਗਰਾਂਟ ਰੌਬਰਸਟਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੇਸ਼ਕ ਨਿਊਜ਼ੀਲੈਂਡ ਨੇ ਕੋਵਿਡ-19 ਖ਼ਿਲਾਫ਼ ਬਹੁਤ ਹੀ ਸੁਲਝੇ ਢੰਗ ਨਾਲ ਲੜਾਈ ਲੜੀ ਹੈ ਪਰ ਇਹਤਿਆਤ ਵਜੋਂ ਅਜੇ ਵੀ ਚੁਕੰਨੇ ਰਹਾਂਗੇ ਅਤੇ ਸਰਹੱਦੀ ਪਾਬੰਦੀਆਂ ਅਜੇ ਵੀ ਲੱਗੀਆਂ ਰਹਿਣਗੀਆਂ ।ਲੋਕਾਂ ਨੂੰ ਆਮ ਜ਼ਿੰਦਗੀ ‘ਚ ਮੁੜ ਤੋਂ ਪਰਤਣ ਲਈ ਲੈਵਲ 1 ਦਾ ਐਲਾਨ ‘ਚ ਕੋਈ ਕਾਹਲੀ ਨਾ ਕਰਨ ਅਤੇ 8 ਜੂਨ ਨੂੰ ਲੈਵਲ-2 ਦੇ ਪੱਖਾਂ ਬਾਰੇ ਵਿਚਾਰ-ਵਟਾਂਦਰੇ ਉਪਰੰਤ ਅਤੇ ਸਾਰੀ ਸਲਾਹ ਕੀਤੇ ਜਾਣ ਉਪਰੰਤ ਹੀ ਲੈਵਲ1 ਅਤੇ 2 ਬਾਰੇ ਫ਼ੈਸਲਾ ਲਿਆ ਜਾਵੇਗਾ ।

 

ਜਾਣਕਾਰੀ ਮੁਤਾਬਿਕ ਦੇਸ਼ ‘ਚ ਹੁਣ ਜਦੋਂਕਿ ਹਲਾਤ ਕਾਬੂ ‘ਚ ਹਨ ਇਸ ਲਈ 100 ਬੰਦਿਆਂ ਦੇ ਇੱਕਠ ਦੀ ਇਜ਼ਾਜ਼ਤ ਦੇ ਦਿਤੀ ਗਈ ਹੈ । ਇਥੋਂ ਤੱਕ ਕਿ ਗੁਰਦੁਆਰਾ ਸਾਹਿਬ ਵਿਖੇ ਵੀ 100 ਦੀ ਗਿਣਤੀ ‘ਚ ਸੰਗਤ ਨਤਮਸਤਕ ਹੋਣ ਜਾ ਸਕੇਗੀ , ਪਰ ਸ਼ਰਤ ਇਹ ਹੈ ਕਿ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਅਤੇ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਹੋਵੇਗਾ ਅਤੇ ਗੁਰਦੁਆਰੇ ‘ਚ ਸੰਗਤ ਇੱਕ ਮੀਟਰ ਦਾ ਫਾਸਲਾ ਬਣਾ ਕੇ ਬੈਠ ਸਕਦੀ ਹੈ । ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਪ੍ਰਬੰਧਕਾਂ ਅਨੁਸਾਰ ਗੁਰਦੁਆਰੇ ‘ਚ ਦਾਖ਼ਲ ਹੋਣ ਤੋਂ ਪਹਿਲਾਂ ਨਾਮ , ਘਰ ਦਾ ਪਤਾ ਅਤੇ ਫੋਨ ਨੰਬਰ ਸਮੇਤ ਜਾਣਕਾਰੀ ਬਕਾਇਦਾ ਉੱਥੇ ਲਿਖਵਾਉਣੀ ਹੋਵੇਗੀ ।

 

ਜੇ ਗੱਲ ਕਰੀਏ ਦੇਸ਼ ਚ ਕੋਰੋਨਾ ਕੇਸਾਂ ਦੀ ਤਾਂ ਉੱਥੇ 1,504 ਕੇਸ ਸਾਹਮਣੇ ਆਏ ਹਨ , ਜਿਨ੍ਹਾਂ ਵਿੱਚੋਂ 1,481 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂਕਿ 22 ਮੌਤਾਂ ਦਰਜ ਕੀਤੀਆਂ ਗਈਆਂ ਹਨ । ਆਖਰੀ ਮਰੀਜ਼ ਨੂੰ ਛੁੱਟੀ ਦੇਣ ਅਤੇ ਕੋਈ ਨਵਾਂ ਕੇਸ ਨਾ ਆਉਣ ਦੀ ਸੂਰਤ ‘ਚ ਇਹ ਕਹਿ ਲੈਣਾ ਗਲਤ ਨਹੀਂ ਹੋਵੇਗਾ ਕਿ ਸੋਝੀ ਅਤੇ ਸਿਆਣਪ ਨਾਲ ਇਹ ਦੇਸ਼ ਕੋਰੋਨਾ ਵਿਰੁੱਧ ਜੰਗ ਜਿੱਤਣ ਦੇ ਕਰੀਬ ਅੱਪੜ ਚੁੱਕਾ ਹੈ ।