ਵਿਆਹ ਦੀਆਂ ਖੁਸ਼ੀਆਂ ‘ਤੇ ਕਰੋਨਾ ਦੀ ਮਾਰ, ਵਿਆਹ ਦੇ ਤੀਜੇ ਦਿਨ ਲਾੜੀ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ , ਪੰਡਿਤ ਅਤੇ ਲਾੜੇ ਸਮੇਤ 32 ਲੋਕ ਕੁਆਰੰਟੀਨ

https://www.ptcnews.tv/wp-content/uploads/2020/05/WhatsApp-Image-2020-05-22-at-2.27.54-PM-1.jpeg

ਭੋਪਾਲ-ਵਿਆਹ ਦੀਆਂ ਖੁਸ਼ੀਆਂ ‘ਤੇ ਕਰੋਨਾ ਦੀ ਮਾਰ,ਵਿਆਹ ਦੇ ਤੀਜੇ ਦਿਨ ਲਾੜੀ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ , ਪੰਡਿਤ ਅਤੇ ਲਾੜੇ ਸਮੇਤ 32 ਲੋਕ ਕੁਆਰੰਟੀਨ : ਕੋਰੋਨਾਵਾਇਰਸ ਦੇ ਪ੍ਰਭਾਵ ਦੇ ਚਲਦਿਆਂ ਹੁਣ ਵਿਆਹ ਸ਼ਾਦੀ ਵੀ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਭੋਪਾਲ ‘ਚ ਹੋਏ ਇੱਕ ਵਿਆਹ ਦੇ ਤਿੰਨ ਦਿਨ ਬਾਅਦ ਲਾੜੀ ਦੀ ਰਿਪੋਰਟ ਪਾਜ਼ਿਟਿਵ ਆਉਣ ਕਾਰਨ ਪੂਰੇ ਪਰਿਵਾਰ ‘ਚ ਤਹਿਲਕਾ ਮਚ ਗਿਆ।

ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੀ ਰਾਜਧਾਨੀ ਦੇ ਰੈੱਡ ਜ਼ੋਨ ਤੋਂ ਵਿਆਹ ਕੇ ਆਈ ਲਾੜੀ ਤੀਸਰੇ ਦਿਨ ਕੋਰੋਨਾ ਪੀੜਤ ਨਿਕਲੀ , ਜਿਸਦੇ ਚਲਦੇ ਵਿਆਹ ‘ਚ ਮੌਜੂਦ ਲੋਕਾਂ ਨੂੰ ਇਕਾਂਤਵਾਸ ‘ਚ ਭੇਜਣਾ ਪਿਆ। ਭੋਪਾਲ ਦੇ ਜਾਟ ਖੇੜੀ ਵਿਖੇ ਖਤਰੇ ਦੇ ਕੇਂਦਰ ਐਲਾਨੇ ( ਲਾਲ ਜ਼ੋਨ) ‘ਚ ਵਿਆਹ ਕਰਕੇ ਘੱਟ ਖਤਰੇ ਵਾਲੇ (ਗਰੀਨ ਜ਼ੋਨ ) ਰਾਏਸੇਨ ਦੇ ਮੰਡਦੀਪ ‘ਚ ਪਹੁੰਚੀ ਲਾੜੀ ਕਾਰਨ ਲਾੜੇ ਅਤੇ ਪੰਡਿਤ ਸਮੇਤ 32 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ, ਤਾਂ ਜੋ ਇਹ ਵਾਇਰਸ ਹੋਰਨਾਂ ਲੋਕਾਂ ਤੱਕ ਨਾ ਅੱਪੜੇ।

ਜਿਕਰਯੋਗ ਹੈ ਕਿ ਪੀੜਤ ਲਾੜੀ ਨੂੰ ਤਕਰੀਬਨ 7 ਕੁ ਦਿਨ ਬੁਖਾਰ ਹੋਇਆ ਸੀ, ਜੋ ਕਿ ਦਵਾਈ ਲੈਣ ਉਪਰੰਤ ਲੱਥ ਗਿਆ। ਲੜਕੀ ਦੇ ਪਰਿਵਾਰ ਨੇ ਉਸ ਦੇ ਟੈਸਟ ਲਈ ਸੈਂਪਲ ਭੇਜਿਆ ਅਤੇ ਰਿਪੋਰਟ ਆਉਣ ਤੋਂ ਪਹਿਲਾਂ ਮਿੱਥੀ ਤਰੀਕ ਦੇ ਮੁਤਾਬਿਕ ਲੜਕੀ ਦਾ ਵਿਆਹ ਕਰ ਦਿੱਤਾ ਗਿਆ।

ਵਿਆਹ ਦੇ ਤੀਸਰੇ ਦਿਨ ਜਦ ਲੜਕੀ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ ਤਾਂ ਸਹੁਰੇ ਅਤੇ ਪੇਕੇ ਪਰਿਵਾਰ ਦੰਗ ਰਹਿ ਗਏ। ਫਿਲਹਾਲ ਵਿਆਹ ‘ਚ ਮੌਜੂਦ ਰਿਸ਼ਤੇਦਾਰ ਅਤੇ ਸਕੇ ਸਬੰਧੀਆਂ ਦੇ ਵੀ ਸੈਂਪਲ ਲੈ ਲਏ ਗਏ ਹਨ, ਜਿੰਨ੍ਹਾਂ ਦੀ ਰਿਪੋਰਟ ਆਗਾਮੀ ਦਿਨਾਂ ‘ਚ ਆਉਣ ਦੀ ਸੰਭਾਵਨਾ ਹੈ।

ਕੋਰੋਨਾ ਦੇ ਪ੍ਰਸਾਰ ਕਾਰਨ ਜਿੱਥੇ ਵਿਆਹ ਸ਼ਾਦੀਆਂ ਦੇ ਸਮਾਗਮਾਂ ਦੇ ਰੰਗ ਫਿੱਕੇ ਜਿਹੇ ਜਾਪਣ ਲੱਗੇ ਹਨ, ਉੱਥੇ ਹੀ ਸਾਵਧਾਨੀਆਂ ਵਰਤਣੀਆਂ ਹੋਰ ਵੀ ਲਾਜ਼ਮੀ ਹੋ ਗਈਆਂ ਹਨ ਤਾਂ ਜੋ ਕੋਰੋਨਾ ਤੋਂ ਆਪਣਾ ਬਚਾਅ ਕੀਤਾ ਜਾ ਸਕੇ।

ਦੱਸ ਦੇਈਏ ਕਿ ਮੱਧ ਪ੍ਰਦੇਸ਼ ‘ਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਸੰਖਿਆ 5,900 ਤੋਂ ਪਾਰ ਹੋ ਚੁੱਕੀ ਹੈ , ਜਦਕਿ ਮੌਤਾਂ ਦਾ ਅੰਕੜਾ 271 ਦਰਜ ਕੀਤਾ ਗਿਆ ਹੈ , ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2,844 ਰਿਕਾਰਡ ਕੀਤੀ ਗਈ ਹੈ।