ਸ਼੍ਰੋਮਣੀ ਅਕਾਲੀ ਦਲ ਦਾ 102ਵਾਂ ਸਥਾਪਨਾ ਦਿਵਸ, ਜਾਣੋ ਇਤਿਹਾਸ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਵਿਸ਼ਾਲ ਪੰਥਕ ਇਕੱਠ ਦੌਰਾਨ ਹੋਂਦ ’ਚ ਆਇਆ ਸੀ। ਸ਼੍ਰੋਮਣੀ ਅਕਾਲੀ ਦਲ ਦੂਸਰੇ ਦਹਾਕੇ ਦੌਰਾਨ ਉਸ ਵੇਲੇ ਹੋਂਦ ਵਿੱਚ ਆਇਆ ਜਦੋਂ ਗੁਰੂਦੁਆਰਾ ਸੁਧਾਰ ਲਹਿਰ ਨੇ ਗੁਰੂਦੁਆਰਿਆ ਨੂੰ ਮਹੰਤਾਂ ਕੋਲੋ ਅਜ਼ਾਦ ਕਰਾਉਣ ਲਈ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ। ਜਥੇਦਾਰ ਕਰਤਾਰ ਸਿੰਘ ਝੱਬਰ ਵੱਲੋ 1920 ਵਿੱਚ ਬੁਲਾਏ ਗਏ ਸਰਬੱਤ ਖਾਲਸੇ ਦੌਰਾਨ ਗੁਰੂਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ।
ਪੰਜਾਬ ਅਤੇ ਪੰਥ ਦੇ ਹੱਕਾਂ ਦੀ ਰਖਵਾਲੀ ਲਈ ਲਾਸਾਨੀ ਕੁਰਬਾਨੀਆਂ ਅਤੇ ਸ਼ਹਾਦਤਾਂ ਉਪਰੰਤ ਹੋਂਦ ਵਿੱਚ ਆਈ ਪੰਜਾਬੀਆਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ 102ਵੇਂ ਸਥਾਪਨਾ ਦਿਵਸ 'ਤੇ ਮੈਂ ਸਮੂਹ ਪੰਜਾਬੀਆਂ, ਅਕਾਲੀ ਵਰਕਰ ਅਤੇ ਲੀਡਰ ਸਾਹਿਬਾਨਾਂ ਨੂੰ ਇਸ ਮਾਣਮੱਤੇ ਦਿਨ ਦੀ ਮੁਬਾਰਕ ਭੇਂਟ ਕਰਦਾ ਹਾਂ।@Akali_Dal_ #FoundationDay pic.twitter.com/tAegxpHV9l
— Sukhbir Singh Badal (@officeofssbadal) December 14, 2022
ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਸਰਮੁਖ ਸਿੰਘ ਝੱਬਲ ਨੂੰ ਬਣਾਇਆ ਗਿਆ। ਵੇਖਦੇ ਹੀ ਵੇਖਦੇ ਅਕਾਲੀ ਦਲ ਪੰਜਾਬ ਦੇ ਸਿਆਸਤੀ ਦ੍ਰਿਸ਼ ‘ਤੇ ਪ੍ਰਗਟ ਹੋਣ ਵਾਲੀ ਉਹ ਪ੍ਰਮੁੱਖ ਪਾਰਟੀ ਬਣ ਗਿਆ ਜਿਸ ਕੋਲ ਸਿੱਖ ਪੰਥ ਦੇ ਧਾਰਮਿਕ , ਰਾਜਸੀ ਤੇ ਸਭਿਆਚਾਰਕ ਹਿੱਤਾਂ ਦੀ ਰਾਖੀ ਅਤੇ ਸਿੱਖ ਪੰਥ ਦੀ ਨੁਮਾਇੰਦਗੀ ਕਰਨ ਦਾ ਅਧਿਕਾਰ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨਾਂ ਦੀ ਸੂਚੀ -
ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਪਹਿਲੇ ਪ੍ਰਧਾਨ ਸਰਮੁਖ ਸਿੰਘ ਝੱਬਲ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਬਾਬਾ ਖੜਕ ਸਿੰਘ , ਮਾਸਟਰ ਤਾਰਾ ਸਿੰਘ , ਗੋਪਾਲ ਸਿੰਘ ਕੌਮੀ , ਤਾਰਾ ਸਿੰਘ ਥੇਥਰ , ਤੇਜਾ ਸਿੰਘ ਅਕਾਰਪੁਰੀ , ਬਾਬੂ ਲਾਭ ਸਿੰਘ , ਉਧਮ ਸਿੰਘ ਜੀ ਨਾਗੋਕੇ , ਗਿਆਨੀ ਕਰਤਾਰ ਸਿੰਘ , ਪ੍ਰੀਤਮ ਸਿੰਘ ਗੋਧਰਾਂ , ਹੁਕਮ ਸਿੰਘ , ਸੰਤ ਫਤਿਹ ਸਿੰਘ , ਅੱਛਰ ਸਿੰਘ ਜਥੇਦਾਰ , ਭੁਪਿੰਦਰ ਸਿੰਘ , ਮੋਹਨ ਸਿੰਘ ਤੁੜ , ਜਥੇਦਾਰ ਜਗਦੇਵ ਸਿੰਘ ਤਲਵੰਡੀ , ਸੰਤ ਹਰਚੰਦ ਸਿੰਘ ਲੌਂਗੋਵਾਲ , ਸੁਰਜੀਤ ਸਿੰਘ ਬਰਨਾਲਾ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵਜੋਂ ਸੇਵਾ ਨਿਭਾਈ। ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਲੰਬਾ ਸਮਾਂ ਪਾਰਟੀ ਪ੍ਰਧਾਨ ਰਹੇ। 31 ਜਨਵਰੀ 2008 ਨੂੰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਬਣੇ ਜੋ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ।
- PTC NEWS