ਡੇਰਾਬੱਸੀ ’ਚ ਵੱਡੀ ਵਾਰਦਾਤ, ਰਿਟਾਇਰਡ ਫ਼ੌਜੀ ਤੋਂ ਲੁਟੇਰਿਆਂ ਨੇ ਲੁੱਟਿਆ ਕੈਸ਼
ਡੇਰਾਬੱਸੀ: ਡੇਰਾਬੱਸੀ ਸ਼ਹਿਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਚੋਰੀ ਅਤੇ ਡਕੈਤੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਹਾਲ ਹੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਮੋਟਰਸਾਈਕਲ ਸਵਾਰ ਡੇਰਾਬੱਸੀ ਦੇ ਪੰਜਾਬੀ ਬਾਗ਼ ਵਿੱਚ ਰਹਿਣ ਵਾਲੇ ਇੱਕ ਸਾਬਕਾ ਫੌਜੀ ਤੋਂ 50 ਹਜ਼ਾਰ ਲੈ ਕੇ ਫ਼ਰਾਰ ਹੋ ਗਏ।
ਪੀੜਤ ਸਾਬਕਾ ਫ਼ੌਜੀ ਹਰਕ੍ਰਿਸ਼ਨ ਤਿੰਨ ਸਾਲਾਂ ਤੋਂ ਆਦਰਸ਼ ਨਗਰ ਵਿੱਚ ਕਿਰਾਏ ’ਤੇ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਉਹ ਸਵੇਰੇ 10 ਵਜੇ ਹਾਈਵੇਅ ਪਾਰ ਕਰਕੇ ਪੀ.ਐੱਨ.ਬੀ ਬੈਂਕ ਗਿਆ ਅਤੇ ਉਥੋਂ 50 ਹਜ਼ਾਰ ਰੁਪਏ ਕੱਢਵਾ ਕੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਹਾਈਵੇਅ ਪਾਰ ਕਰਕੇ ਆਦਰਸ਼ ਨਗਰ ਸਥਿਤ ਆਪਣੇ ਘਰ ਦੀ ਗਲੀ ਵਿੱਚ ਦਾਖ਼ਿਲ ਹੋਇਆ ਤਾਂ ਪਿੱਛੇ ਤੋਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਆਇਆ ਅਤੇ ਅੱਗੇ ਆ ਕੇ ਬਾਈਕ ਸਮੇਤ ਹੇਠਾਂ ਡਿੱਗ ਗਿਆ। ਇਸ ਦਰਮਿਆਨ ਸਾਬਕਾ ਫ਼ੋਜੀ ਵੀ ਆਪਣਾ ਸੰਤੁਲਣ ਗੁਆ ਬੈਠਾ ਅਤੇ ਡਿੱਗ ਗਿਆ।
ਜਦੋਂ ਹਰੀਕ੍ਰਿਸ਼ਨ ਆਪਣੀ ਬਾਈਕ ਅਤੇ ਨੌਜਵਾਨ ਨੂੰ ਮਦਦ ਲਈ ਚੁੱਕਣ ਲੱਗਾ ਤਾਂ ਨੌਜਵਾਨ ਨੇ ਉਸਦੀ ਜੇਬ 'ਚੋਂ 50 ਹਜ਼ਾਰ ਰੁਪਏ ਦਾ ਬੰਡਲ ਕੱਢ ਲਿਆ। ਇਸ ਤੋਂ ਬਾਅਦ ਮੁਲਜ਼ਮ ਤੁਰੰਤ ਆਪਣੀ ਬਾਈਕ ਚੁੱਕ ਦੌੜਨ ਲੱਗਾ ਤਾਂ ਹਰੀਕ੍ਰਿਸ਼ਨ ਨੇ ਬਾਈਕ ਨੂੰ ਕੱਸ ਕੇ ਫੜ ਲਿਆ ਪਰ ਨੌਜਵਾਨ ਬਜ਼ੁਰਗ ਨੂੰ ਕਾਫ਼ੀ ਦੂਰ ਤੱਕ ਘਸੀਟਦਾ ਲੈ ਗਿਆ।
ਇਸ ਕਾਰਵਾਈ ਦੌਰਾਨ ਸਾਬਕਾ ਫ਼ੌਜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਸਥਾਨਕ ਲੋਕਾਂ ਨੇ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਖੇ ਦਾਖ਼ਿਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS