Barnala News : AGTF ਵੱਲੋਂ ਬੰਬੀਹਾ ਗੈਂਗ ਦੇ 2 ਬਦਮਾਸ਼ ਗ੍ਰਿਫ਼ਤਾਰ, 6 ਪਿਸਤੌਲ ਅਤੇ 19 ਕਾਰਤੂਸ ਬਰਾਮਦ
Barnala News : ਬਰਨਾਲਾ ਵਿੱਚ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਬੰਬੀਹਾ ਗੈਂਗ ਦੇ ਦੋ ਸ਼ਾਤਿਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ 6 ਪਿਸਤੌਲ ਅਤੇ 19 ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਅਤੇ ਸ਼ੇਖਰ ਵਜੋਂ ਹੋਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੇ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਮੁਲਜ਼ਮਾਂ ਦੀ ਸੰਭਾਵਿਤ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ ਸਥਿਤ ਆਪਣੇ ਹੈਂਡਲਰ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਇਸ਼ਾਰੇ 'ਤੇ ਸੂਬੇ ਵਿੱਚ ਕਈ ਤਰ੍ਹਾਂ ਦੇ ਅਪਰਾਧ ਕਰ ਰਹੇ ਸਨ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਪੁਲਿਸ ਦੇ ਅਨੁਸਾਰ ਮੁਲਜ਼ਮ ਸੂਬੇ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦੇਣ ਲਈ ਬੰਬੀਹਾ ਗੈਂਗ ਦੇ ਕਾਰਕੁਨਾਂ ਨੂੰ ਹਥਿਆਰ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਹੁਣ ਪੂਰੀ ਸਪਲਾਈ ਚੇਨ, ਜਿਸ ਵਿੱਚ ਉਨ੍ਹਾਂ ਦੇ ਸਿੱਧੇ ਅਤੇ ਅਸਿੱਧੇ ਸਬੰਧ ਸ਼ਾਮਲ ਹਨ, ਦੀ ਜਾਂਚ ਕਰ ਰਹੀ ਹੈ ਤਾਂ ਜੋ ਇਸ ਦੀ ਪਛਾਣ ਕੀਤੀ ਜਾ ਸਕੇ ਅਤੇ ਇਸਨੂੰ ਖਤਮ ਕੀਤਾ ਜਾ ਸਕੇ।
ਪੁਲਿਸ ਅਲਰਟ ਮੋਡ 'ਤੇ
ਪੰਜਾਬ ਪੁਲਿਸ ਪਿਛਲੇ ਕੁਝ ਸਮੇਂ ਤੋਂ ਅਲਰਟ 'ਤੇ ਹੈ, ਕਿਉਂਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਸੂਬੇ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਅੰਮ੍ਰਿਤਸਰ, ਜਲੰਧਰ ਅਤੇ ਫਿਰੋਜ਼ਪੁਰ ਖੇਤਰਾਂ ਵਿੱਚ ਨਿਯਮਿਤ ਤੌਰ 'ਤੇ ਹਥਿਆਰ ਬਰਾਮਦ ਕੀਤੇ ਜਾ ਰਹੇ ਹਨ। ਪੁਲਿਸ ਨੇ ਰਾਤ ਦੀ ਗਸ਼ਤ ਵਧਾ ਦਿੱਤੀ ਹੈ, ਜਿਸ ਵਿੱਚ ਡੀਐਸਪੀ ਪੱਧਰ ਦੇ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
- PTC NEWS