ਸ੍ਰੀ ਦਰਬਾਰ ਸਾਹਿਬ ਬਾਹਰ ਸੰਗਤਾਂ ਨੂੰ ਭਾਵੁਕ ਕਰ ਲੁੱਟਣ ਦਾ ਮਾਮਲਾ ਆਇਆ ਸਾਹਮਣੇ
ਅੰਮ੍ਰਿਤਸਰ, 9 ਜਨਵਰੀ (ਮਨਿੰਦਰ ਸਿੰਘ ਮੋਂਗਾ): ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੰਗਤਾਂ ਨੂੰ ਭਾਵੁਕ ਕਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦਾ ਇੱਕ ਸੀ.ਸੀ.ਟੀ.ਵੀ ਫੁਟੇਜ ਵੀ ਕੈਮਰੇ ਵਿੱਚ ਕੈਦ ਹੋਇਆ, ਜਿਸ ਵਿੱਚ ਇੱਕ ਨੌਜਵਾਨ ਇੱਕ ਫੌਜੀ ਤੋਂ ਪੈਸੇ ਲੈ ਉਸਦਾ ਧੰਨਵਾਦ ਕਰਦਾ ਦਿੱਖ ਰਿਹਾ ਹੈ।
ਹਾਸਿਲ ਜਾਣਕਾਰੀ ਮੁਤਾਬਕ ਇਹ ਸ਼ਖ਼ਸ ਪੁਲਿਸ ਥਾਣਾ ਗਲਿਆਰਾ ਅਤੇ ਟੂਰਿਜ਼ਮ ਪੁਲਿਸ ਦੇ ਦਫ਼ਤਰ ਵਿਚਾਲੇ ਬੀਤੇ 2-3 ਦਿਨਾਂ ਤੋਂ ਠੱਗੀਆਂ ਮਾਰਦਾ ਪਿਆ ਸੀ। ਦੁਕਾਨਦਾਰਾਂ ਨੂੰ ਸ਼ੱਕ ਉਸ ਵੇਲੇ ਹੋਇਆ ਜਦੋਂ ਨਕਦ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਇਹ ਨੌਜਵਾਨ ਵੱਖ ਵੱਖ ਦੁਕਾਨਦਾਰਾਂ ਜਾਂ ਸਰਧਾਲੁਆਂ ਕੋਲੋਂ ਗੂਗਲ ਪੇਅ ਕਰਵਾ ਪੈਸੇ ਇਕੱਠੇ ਕਰਨ ਲੱਗ ਪਿਆ।
ਲੋਕ ਭਾਵਨਾ ਵਿੱਚ ਆ ਤਰਸ ਦੇ ਅਧਾਰ 'ਤੇ ਇਸਨੂੰ ਪੈਸੇ ਦੇ ਦਿੰਦੇ ਸਨ ਪਰ ਜਦੋਂ ਇੱਕ ਫੌਜੀ ਇੱਕ ਦੁਕਾਨਦਾਰ ਕੋਲ ਗੂਗਲ ਪੇਅ ਬਦਲੇ ਪੈਸੇ ਲੈਣ ਆਇਆ ਤੇ ਇਸ ਸ਼ਖ਼ਸ ਨੂੰ ਦਿੱਤੇ ਤਾਂ ਦੁਕਾਨਦਾਰ ਨੂੰ ਪੈਸੇ ਦੇਣ ਦੀ ਵਜ੍ਹਾ ਪੁੱਛੀ ਤਾਂ ਫੌਜੀ ਨੇ ਦੱਸਿਆ ਕਿ ਇਸ ਸਰਦਾਰ ਮੁੰਡੇ ਨੇ ਪੰਚਕੂਲੇ ਜਾਣਾ ਸੀ ਪਰ ਇਸ ਕੋਲ ਪੈਸੇ ਨਹੀਂ ਸਨ। ਅਗਲੇ ਦਿਨ ਹੋਰਾਂ ਦੁਕਾਨ ਵਾਲਿਆਂ ਨਾਲ ਵੀ ਇਹੋ ਜਿਹਾ ਹੀ ਕਿੱਸਾ ਦੁਹਰਾਇਆ ਤਾਂ ਉਨ੍ਹਾਂ ਇੱਕ ਦੂਜੇ ਨੂੰ ਪੁੱਛਿਆ ਜਿਸ ਤੋਂ ਬਾਅਦ ਸੱਚ ਉਜਾਗਰ ਹੋਣ 'ਤੇ ਉਨ੍ਹਾਂ ਇਸ ਪੇਖੀ ਨੌਜਵਾਨ ਨੂੰ ਫੜ ਲਿਆ ਤੇ ਇਹ ਕੰਮ ਛੱਡ ਹੱਕ ਹਲਾਲ ਦੀ ਕਮਾਈ ਕਰਨ ਨੂੰ ਆਖਿਆ ਤੇ ਆਖਰੀ ਵਾਰਨਿੰਗ ਦੇ ਕੇ ਛੱਡ ਦਿੱਤਾ।
ਬੀਤੇ ਦਿਨਾਂ 'ਚ ਅਨੇਕਾਂ ਹੀ ਅਜਿਹੀਆਂ ਖ਼ਬਰਾਂ ਨੇ ਪੰਜਾਬ ਵਾਸੀਆਂ ਨੂੰ ਹੈਰਾਨ ਕਰ ਛੱਡਿਆ ਜਦੋਂ ਅਨੇਕਾਂ ਬਹਾਨਿਆਂ ਨਾਲ ਹੈਰੀਟੇਜ ਸਟ੍ਰੀਟ 'ਤੇ ਲੋਕਾਂ ਨਾਲ ਠੱਗੀਆਂ ਠੋਰੀਆਂ ਕਰਨ ਦੀਆਂ ਵੀਡਿਓਜ਼ ਵਾਇਰਲ ਹੋਈਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸਤੇ ਕੀ ਕਾਰਵਾਈ ਕਰਦਾ ਹੈ। ਵਾਇਰਲ ਹੋਈ ਵੀਡਿਓ 'ਚ ਠੱਗੀਆਂ ਕਰਨ ਵਾਲਾ ਮੁੰਡਾ ਆਪਣੇ ਆਪ ਨੂੰ ਅੰਮ੍ਰਿਤਸਰ ਦਾ ਹੀ ਵਸਨੀਕ ਦੱਸ ਰਿਹਾ ਹੈ।
- PTC NEWS