Amritsar News : ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਕਾਰਵਾਈ, 6 ਕਿਲੋ ਤੋਂ ਵੱਧ ਹੈਰੋਇਨ, ਹਥਿਆਰਾਂ ਤੇ ਡਰੱਗ ਮਨੀ ਸਮੇਤ 4 ਨਸ਼ਾ ਤਸਕਰ ਕਾਬੂ
Amritsar News : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਕੁੱਲ 6 ਕਿੱਲੋ 235 ਗ੍ਰਾਮ ਹੈਰੋਇਨ, 2 ਪਿਸਟਲਾਂ, 4 ਜ਼ਿੰਦਾ ਕਾਰਤੂਸ ,10 ਹਜ਼ਾਰ ਰੁਪਏ ਡਰੱਗ ਮਨੀ ਅਤੇ 3 ਮੋਬਾਈਲ ਫੋਨ ਬਰਾਮਦ ਕਰਕੇ 4 ਅਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਾਕਾਬੰਦੀ ਦੌਰਾਨ ਦੋ ਵੱਖ-ਵੱਖ ਥਾਵਾਂ ਤੋਂ 4 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਹਿਲੀ ਕਾਰਵਾਈ ਵਿੱਚ ਪੁਲਿਸ ਨੇ ਪੁੱਲ ਬਰਸਾਤੀ ਨਾਲਾ ਨੇੜੇ ਪਿੰਡ ਬਰਾੜ ਵਿਖੇ ਚੈਕਿੰਗ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨ ਲਵਪ੍ਰੀਤ ਉਰਫ਼ ਲਵ ਅਤੇ ਬਲਵਿੰਦਰ ਉਰਫ਼ ਬੌਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ 6 ਕਿਲੋ 150 ਗ੍ਰਾਮ ਹੈਰੋਇਨ, ਇੱਕ ਪੀਐਕਸ5 ਪਿਸਤੌਲ (30 ਬੋਰ), 4 ਜ਼ਿੰਦਾ ਕਾਰਤੂਸ , 10 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਨ੍ਹਾਂ ਖਿਲਾਫ ਥਾਣਾ ਲੋਪੋਕੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਤਫਤੀਸ਼ ਚੱਲ ਰਹੀ ਹੈ।
ਇਸ ਦੇ ਨਾਲ ਹੀ ਐਸਐਸਪੀ ਦਿਹਾਤੀ ਨੇ ਅੱਗੇ ਬੋਲਦੇ ਹੋਏ ਦੱਸਿਆ ਕਿ ਇਸੇ ਤਰੀਕੇ ਦੂਜੀ ਕਾਰਵਾਈ 'ਚ ਸਪੈਸ਼ਲ ਸੈੱਲ ਨੇ ਗਸ਼ਤ ਦੌਰਾਨ ਡਿਫੈਂਸ ਡਰੇਨ ਨੇੜੇ ਤੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਵਿਸ਼ਾਲ ਸਿੰਘ ਉਰਫ ਟੂਪਾ ਨੂੰ 85 ਗ੍ਰਾਮ ਹੈਰੋਇਨ, ਇੱਕ ਪੀਐਕਸ5 ਪਿਸਤੌਲ , 1 ਦੇਸੀ ਪਿਸਟਲ ਅਤੇ 2 ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਖਿਲਾਫ ਥਾਣਾ ਘਰਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਆਰੋਪੀਆ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਖੰਗਾਲ ਕੇ ਨਸ਼ਾ ਤਸਕਰੀ ਦੇ ਸਪਲਾਈ ਰੂਟ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਨਾਲ ਹੀ, ਉਨ੍ਹਾਂ ਦੀ ਕਾਲੀ ਕਮਾਈ ਨਾਲ ਖਰੀਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਕਿਹਾ ਕਿ ਇਹ ਤਸਕਰ ਡਰੋਨ ਰਾਹੀਂ ਸਰਹੱਦ ਪਾਰ ਤੋਂ ਹੈਰੋਇਨ ਲਿਆਉਂਦੇ ਸਨ ਅਤੇ ਤਸਕਰਾਂ ਦੇ ਸੰਪਰਕ ਵਿੱਚ ਸਨ। ਇਹ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੀਤੀ ਗਈ ਹੈ।
- PTC NEWS