Amritsar ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਅੱਤਵਾਦੀ ਨੈੱਟਵਰਕ ਦੇ ਸੰਚਾਲਕ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ ,RDX ਵੀ ਬਰਾਮਦ
Amritsar News : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਇਕ ਅੱਤਵਾਦੀ ਨੈੱਟਵਰਕ ਦੇ ਸੰਚਾਲਕ ਮਨਪ੍ਰੀਤ ਸਿੰਘ ਉਰਫ਼ ਟਿੱਡੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸਦੇ ਕਬਜ਼ੇ ਤੋਂ ਇੱਕ ਆਧੁਨਿਕ .30 ਬੋਰ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਗ੍ਰਿਫ਼ਤਾਰ ਸ਼ਖ਼ਸ ਦੀ ਪੁੱਛਗਿੱਛ ਦੌਰਾਨ ਉਸਦੇ ਇਸ਼ਾਰੇ ’ਤੇ ਪੁਲਿਸ ਨੇ ਪਿੰਡ ਕੋਟਲਾ ਤਰਖਾਣਾ ਦੇ ਇਲਾਕੇ 'ਚੋਂ ਦੋ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸਜ਼ (IEDs) ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਵਜ਼ਨ ਲਗਭਗ 2.5 ਕਿਲੋਗ੍ਰਾਮ ਹੈ। ਇਹ IED ਉੱਚ ਗ੍ਰੇਡ ਦੇ RDX ਨਾਲ ਭਰੇ ਹੋਏ ਸਨ ਅਤੇ ਇਨ੍ਹਾਂ ’ਚ ਵਿਸਫੋਟ ਲਈ ਟਾਈਮਰ ਲੱਗੇ ਹੋਏ ਸਨ।
ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਆਰੋਪੀ ਅਰਮੀਨੀਆ, ਯੂ.ਕੇ. ਅਤੇ ਜਰਮਨੀ ਵਿਚ ਸਥਿਤ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ ,ਜਿਨ੍ਹਾਂ ਨੂੰ ਪਾਕਿਸਤਾਨ-ਆਧਾਰਿਤ ਇਕ ਅੱਤਵਾਦੀ ਸੰਗਠਨ ਦੇ ਮਾਸਟਰਮਾਈਂਡ ਵਲੋਂ ਨਿਰਦੇਸ਼ ਮਿਲ ਰਹੇ ਸਨ।
ਇਸ ਸੰਬੰਧ ’ਚ ਪੁਲਿਸ ਸਟੇਸ਼ਨ ਅੰਮ੍ਰਿਤਸਰ ’ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ, ਤਾਂ ਜੋ ਇਸ ਆਤੰਕੀ ਨੈੱਟਵਰਕ ਦੇ ਅੱਗੇ-ਪਿੱਛੇ ਦੇ ਲਿੰਕ ਖੋਲ੍ਹੇ ਜਾ ਸਕਣ। ਅਗਲੇ ਅਤੇ ਪਿਛਲੇ ਸੰਬੰਧਾਂ ਸਮੇਤ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਇਸਨੂੰ ਖਤਮ ਕਰਨ ਲਈ ਜਾਂਚ ਜਾਰੀ ਹੈ।
- PTC NEWS