ਭਗਵੰਤ ਮਾਨ ਦੀ ਹਰਿਆਣਾ ਚੋਣਾਂ ਵਿਚ ਵੋਟਾਂ ਲੈਣ ਲਈ ਡੇਰਾ ਸਿਰਸਾ ਮੁਖੀ ਨਾਲ ਗੰਢਤੁੱਪ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਆਮ ਆਦਮੀ ਪਾਰਟੀ (ਆਪ) ਦੀ ਹਰਿਆਣਾ ਚੋਣਾਂ ਵਿਚ ਵੋਟਾਂ ਲੈਣ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਅੰਦਰੂਨੀ ਗੰਢਤੁੱਪ ਹੈ, ਇਸੇ ਕਾਰਣ ਉਹ ਡੇਰਾ ਮੁਖੀ ਖਿਲਾਫ ਧਾਰਾ 295 ਏ ਤਹਿਤ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਨਹੀਂ ਦੇ ਰਹੇ, ਹਾਲਾਂਕਿ ਫਾਈਲ ਤਿੰਨ ਸਾਲਾਂ ਤੋਂ ਮੁੱਖ ਮੰਤਰੀ ਦੇ ਟੇਬਲ ’ਤੇ ਪਈ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ, ਵਿਕਾਸ ਕਾਰਜ ਠੱਪਹੋਣ, ਲੜਕੀਆਂ ਲਈ ਮਾਹੌਲ ਸੁਰੱਖਿਆ ਨਾ ਹੋਣ, ਸੂਬੇ ਵਿਚ ਗੈਂਗਸਟਰਵਾਦ ਹੋਣ ਅਤੇ ਨਸ਼ਿਆਂ ਦਾ ਵਿਆਪਕ ਪਸਾਰ ਹੋਣ ਸਮੇਤ ਮੁੱਖ ਮੁੱਦਿਆਂ ਦੀ ਗੱਲ ਨਹੀਂ ਕਰ ਰਹੇ ਸਗੋਂ ਆਪਣੀਆਂ ਅਸਫਲਤਾਵਾਂ ’ਤੇ ਪਰਦਾ ਪਾਉਣ ਵਾਸਤੇ ਡਰਾਮੇਬਾਜ਼ੀ ਤੇ ਪ੍ਰਾਪੇਗੰਡਾ ਮੁਹਿੰਮਾਂ ਵਿਚ ਜੁਟੇ ਹਨ।
ਉਹਨਾਂ ਕਿਹਾ ਕਿ ਪੰਜਾਬੀ ਇਹ ਵੇਖ ਕੇ ਹੈਰਾਨ ਹਨ ਕਿ ਬੇਅਦਬੀ ਮਾਮਲਿਆਂ ਦੇ ਦੋਸ਼ੀ ਪ੍ਰਦੀਪ ਕਲੇਰ ਜਿਸਨੂੰ ਤਿੰਨ ਕੇਸਾਂ ਵਿਚ ਭਗੌੜਾ ਕਰਾਰ ਦਿੱਤਾ ਗਿਆ, ਨੂੰ ਛੇ ਸਾਲਾਂ ਬਾਅਦ ਸਿਰਫ ਇਕ ਕੇਸ ਵਿਚ ਹੀ ਗ੍ਰਿਫਤਾਰ ਕੀਤਾ ਗਿਆ ਜਿਸ ਵਿਚ ਵੀ ਉਸਨੂੰ ਇਕ ਮਹੀਨੇ ਵਿਚ ਹੀ ਜ਼ਮਾਨਤ ਮਿਲ ਗਈ। ਉਹਨਾਂ ਕਿਹਾ ਕਿ ਉਸਦੇ ਖਿਲਾਫ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਪੁਲਿਸ ਥਾਣੇ ਵਿਚ ਐਫ ਆਈ ਆਰ ਨੰਬਰ 117 ਮਿਤੀ 25.9.2015 ਅਤੇ ਐਫ ਆਈ ਆਰ ਨੰਬਰ 128 ਮਿਤੀ 12.10.2015 ਵੀ ਦਰਜ ਹੈ ਪਰ ਇਹਨਾਂ ਦੋਵਾਂ ਕੇਸਾਂ ਵਿਚ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਲਈ ਭਗਵੰਤ ਮਾਨ ਜੋ ਕਿ ਗ੍ਰਹਿ ਮੰਤਰੀ ਵੀ ਹਨ, ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਇਕ ਸੱਚਾਈ ਹੈ ਕਿ ਪ੍ਰਦੀਪ ਕਲੇਰ ਨੇ ਮੈਜਿਸਟਰੇਟ ਦੇ ਸਾਹਮਣੇ ਧਾਰਾ 164 ਤਹਿਤ ਆਪਣੇ ਬਿਆਨ ਕਲਮਬੱਧ ਕਰਵਾਏ ਹਨ ਜਿਸ ਵਿਚ ਉਸਨੇ ਹਨੀਪ੍ਰੀਤ ਨੂੰ ਬੇਅਦਬੀਆਂ ਦਾ ਦੋਸ਼ੀ ਠਹਿਰਾਇਆ ਹੈ ਪਰ ਇਸਦੇ ਬਾਵਜੂਦ ਹਨੀਪ੍ਰੀਤ ਖਿਲਾਫ ਪੰਜਾਬ ਪੁਲਿਸ ਨੇ ਹਾਲੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਹਨੀਪ੍ਰੀਤ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ।
ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਬੇਅਦਬੀ ਕੇਸ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਗਏ ਤੇ ਫਿਰ ਉਹਨਾਂ ਦੀ ਸੁਣਵਾਈ ’ਤੇ ਰੋਕ ਲੱਗ ਗਈ ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।
ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਸਵਾਲ ਕੀਤਾ ਕਿ ਉਹ ਹਰਿਆਣਾ ਵਿਚ ਭਾਜਪਾ ਸਰਕਾਰ ਵੱਲੋਂ ਵਾਰ-ਵਾਰ ਡੇਰਾ ਮੁਖੀ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਅਤੇ ਇਸਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਕਿਉਂ ਨਹੀਂ ਦਿੰਦੇ।
ਪੰਜਾਬ ਵਿਚ ਐਨ ਐਚ ਏ ਆਈ ਵੱਲੋਂ 3263 ਕਰੋੜ ਰੁਪਏ ਦੇ 3 ਪ੍ਰਾਜੈਕਟ ਰੱਦ ਕਰਨ ਅਤੇ 14288 ਕਰੋੜ ਰੁਪਏ ਦੇ 8 ਹੋਰ ਰੱਦ ਕਰਨ ਦੀ ਧਮਕੀ ਦੇਣ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਭਗਵੰਤ ਮਾਨ ਜ਼ਮੀਨ ਐਕਵਾਇਰ ਕਰਨ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਢੁਕਵਾਂ ਮੁਆਵਜ਼ਾ ਦੇਣ ਵਿਚ ਨਾਕਾਮ ਰਹੇ ਹਨ ਜਿਸ ਕਾਰਣ ਇਹ ਪ੍ਰਾਜੈਕਟ ਰੱਦ ਹੋ ਰਹੇ ਹਨ।
ਉਹਨਾਂ ਕਿਹਾ ਕਿ ਪਹਿਲਾਂ ਪੰਜ ਸਾਲਾਂ ਵਿਚ ਕਾਂਗਰਸ ਇਕ ਵੀ ਪ੍ਰਾਜੈਕਟ ਲਿਆਉਣ ਵਿਚ ਨਾਕਾਮ ਰਹੀ ਤੇ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਇਸ ਮੁਹਾਜ਼ ’ਤੇ ਸੂਬੇ ਨੂੰ ਫੇਲ੍ਹ ਕਰ ਦਿੱਤਾ ਹੈ।
- PTC NEWS