RG Kar Medical College ਦੇ ਸਾਬਕਾ ਅਧਿਕਾਰੀ ਦਾ ਵੱਡਾ ਦਾਅਵਾ, ਕਿਹਾ- ਸਾਬਕਾ ਪ੍ਰਿੰਸੀਪਲ ਵੇਚਦਾ ਸੀ ਲਾਵਾਰਿਸ ਲਾਸ਼ਾਂ
ਕੋਲਕਾਤਾ ਦੇ ਆਰਜੀ ਮੈਡੀਕਲ ਕਾਲਜ 'ਚ ਜੂਨੀਅਰ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਤੋਂ ਬਾਅਦ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗ ਰਹੇ ਹਨ ਅਤੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਡਾ: ਸੰਦੀਪ ਘੋਸ਼ ਦੇ ਉਕਸਾਹਟ 'ਤੇ ਗੁੰਡਾ ਗੈਂਗ ਨੇ ਆਰਜੀ ਕਾਲਜ 'ਤੇ ਰਾਜ ਕੀਤਾ। ਇਹ ਗਰੋਹ ਪਿਛਲੇ ਕਈ ਸਾਲਾਂ ਤੋਂ ਹਸਪਤਾਲ ਵਿੱਚ ਭ੍ਰਿਸ਼ਟਾਚਾਰ, ਗੁੰਡਾਗਰਦੀ ਅਤੇ ਫਿਰੌਤੀ ਵਿੱਚ ਸ਼ਾਮਲ ਸੀ।
ਦੱਸ ਦਈਏ ਕਿ ਆਰਜੀ ਕਾਰ ਮੈਡੀਕਲ ਕਾਲਜ ਦੇ ਸਾਬਕਾ ਡਿਪਟੀ ਸੁਪਰਡੈਂਟ ਅਖਤਰ ਅਲੀ ਨੇ ਡਾਕਟਰ ਸੰਦੀਪ ਘੋਸ਼ 'ਤੇ ਕਈ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਹੈ। ਸਾਬਕਾ ਡਿਪਟੀ ਸੁਪਰਡੈਂਟ ਅਖਤਰ ਅਲੀ ਨੇ ਇੱਕ ਮੀਡੀਆ ਅਦਾਰੇ ’ਚ ਦਿੱਤੇ ਇੰਟਰਵਿਊ ’ਚ ਕਿਹਾ ਹੈ ਕਿ ਘੋਸ਼ ਲਾਵਾਰਿਸ ਲਾਸ਼ਾਂ ਨੂੰ ਵੇਚਣ ਅਤੇ ਬੰਗਲਾਦੇਸ਼ ਵਿੱਚ ਬਾਇਓਮੈਡੀਕਲ ਵੇਸਟ ਦੀ ਤਸਕਰੀ ਵਿੱਚ ਸ਼ਾਮਲ ਸੀ।
ਅਲੀ ਨੇ ਦੱਸਿਆ ਕਿ ਸੰਦੀਪ ਘੋਸ਼ ਲਾਵਾਰਿਸ ਲਾਸ਼ਾਂ ਦਾ ਸੌਦਾ ਕਰਦਾ ਸੀ। ਉਸ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਸੀ। ਉਹ ਬਾਇਓਮੈਡੀਕਲ ਵੇਸਟ ਦੀ ਤਸਕਰੀ ਵਿੱਚ ਵੀ ਸ਼ਾਮਲ ਸੀ। ਉਹ ਇਸ ਨੂੰ ਆਪਣੇ ਵਾਧੂ ਸੁਰੱਖਿਆ ਕਰਮਚਾਰੀਆਂ ਨੂੰ ਵੇਚਦਾ ਸੀ। ਫਿਰ ਇਸ ਨੂੰ ਬੰਗਲਾਦੇਸ਼ ਭੇਜਿਆ ਜਾਂਦਾ ਸੀ।
ਅਲੀ ਨੇ ਅੱਗੇ ਦਾਅਵਾ ਕੀਤਾ ਕਿ ਘੋਸ਼ ਨੇ ਹਸਪਤਾਲ ਦੁਆਰਾ ਜਾਰੀ ਕੀਤੇ ਗਏ ਹਰ ਟੈਂਡਰ 'ਤੇ 20% ਕਮਿਸ਼ਨ ਲਿਆ। ਉਨ੍ਹਾਂ ਅਨੁਸਾਰ ਇਹ ਟੈਂਡਰ ਖਾਸ ਤੌਰ 'ਤੇ ਘੋਸ਼ ਦੇ ਦੋ ਨਜ਼ਦੀਕੀ ਸਾਥੀਆਂ ਸੁਮਨ ਹਾਜਰਾ ਅਤੇ ਬਿਪਲਬ ਸਿੰਘ ਨੂੰ ਦਿੱਤੇ ਗਏ ਸਨ। ਜੋ ਕੁੱਲ 12 ਕੰਪਨੀਆਂ ਦੇ ਮਾਲਕ ਸਨ। ਅਲੀ ਨੇ ਦੱਸਿਆ ਕਿ ਸੰਦੀਪ ਘੋਸ਼ ਪਹਿਲਾਂ ਪੈਸੇ ਲੈਂਦਾ ਸੀ ਅਤੇ ਫਿਰ ਕੰਮ ਲਈ ਆਰਡਰ ਦਿੰਦਾ ਸੀ। ਸੁਮਨ ਹਾਜਰਾ ਅਤੇ ਬਿਪਲਬ ਸਿੰਘ ਦੀਆਂ 12 ਕੰਪਨੀਆਂ ਸਨ। ਉਨ੍ਹਾਂ ਨੂੰ ਹੀ ਹਰ ਕੰਮ ਲਈ ਟੈਂਡਰ ਦਿੱਤੇ ਗਏ।
ਅਲੀ ਨੇ ਕਿਹਾ ਕਿ ਘੋਸ਼ ਨੂੰ ਕਈ ਤਾਕਤਵਰ ਵਿਅਕਤੀਆਂ ਨੇ ਸਮਰਥਨ ਦਿੱਤਾ ਸੀ। ਜਿਸ ਕਾਰਨ ਉਨ੍ਹਾਂ ਨੂੰ ਦੋ ਵਾਰ ਤਬਾਦਲਾ ਹੋਣ ਦੇ ਬਾਵਜੂਦ ਹਸਪਤਾਲ ਦੇ ਮੁਖੀ ਵਜੋਂ ਵਾਪਸ ਆਉਣ ਦਾ ਮੌਕਾ ਮਿਲਿਆ। ਅਲੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਤੁਰੰਤ ਹਿਰਾਸਤ ਵਿਚ ਲਿਆ ਜਾਣਾ ਚਾਹੀਦਾ ਹੈ। ਉਹ ਸਮਾਜ ਲਈ ਹਾਨੀਕਾਰਕ ਹੈ।
ਡਾਕਟਰ ਸੰਦੀਪ ਘੋਸ਼ ਨੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਵਿਰੋਧ ਵਿੱਚ ਪ੍ਰਿੰਸੀਪਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਦੇ ਬਾਵਜੂਦ ਉਸ ਨੂੰ ਕੁਝ ਘੰਟਿਆਂ ਵਿੱਚ ਹੀ ਕਲਕੱਤਾ ਮੈਡੀਕਲ ਕਾਲਜ ਵਿੱਚ ਨਵੀਂ ਨਿਯੁਕਤੀ ਮਿਲ ਗਈ। ਹਾਲਾਂਕਿ, ਕੋਲਕਤਾ ਹਾਈ ਕੋਰਟ ਨੇ ਦਖਲ ਦਿੰਦੇ ਹੋਏ ਉਸਨੂੰ ਅਣਮਿੱਥੇ ਸਮੇਂ ਦੀ ਛੁੱਟੀ 'ਤੇ ਭੇਜ ਦਿੱਤਾ।
- PTC NEWS