ਕੇਂਦਰ ਸਰਕਾਰ ਦੀ ਲਖਪਤੀ ਦੀਦੀ ਯੋਜਨਾ ਨੇ 4054 ਪਾਰਸੀ ਮਹਿਲਾਵਾਂ ਦੀ ਭਲਾਈ ਲਈ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਸਤੇ ਵਿੱਤੀ ਸਹਾਇਤਾ ਕੀਤੀ ਪ੍ਰਦਾਨ: ਸਤਨਾਮ ਸੰਧੂ
ਪਾਰਸੀ ਭਾਈਚਾਰੇ ਦੀ ਅਮੀਰ ਵਿਰਾਸਤ ਦੀ ਸਾਂਭ ਸੰਭਾਲ ਤੇ ਘੱਟ-ਗਿਣਤੀਆਂ ਵਿਚ ਵੀ ਘੱਟ-ਗਿਣਤੀ ਪਾਰਸੀ ਭਾਈਚਾਰੇ ਦੀ ਜਨਸੰਖਿਆ `ਚ ਆ ਰਹੀ ਗਿਰਾਵਟ ਨੂੰ ਰੋਕਣ ਲਈ, ਕੇਂਦਰ ਸਰਕਾਰ ਨੇ ਪਿਛਲੇ ਇੱਕ ਦਹਾਕੇ `ਚ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਸੰਸਦ `ਚ ਪੇਸ਼ ਕੀਤੇ ਅੰਕੜਿਆਂ ਮੁਤਾਬਕ ਜੀਓ ਪਾਰਸੀ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ `ਚ 35.3 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਹੈ।
ਪਾਰਸੀ ਭਾਈਚਾਰੇ ਨੂੰ ਸਮਰੱਥ ਬਣਾਉਣ ਲਈ, ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ `ਚ ਜੀਓ ਪਾਰਸੀ ਯੋਜਨਾ ਦੇ ਬਜਟ `ਚ 12 ਗੁਣਾ (1100 ਪ੍ਰਤੀਸ਼ਤ) ਵਾਧਾ ਕੀਤਾ ਹੈ। ਸਾਲ 2014 `ਚ ਜੀਓ ਪਾਰਸੀ ਯੋਜਨਾ ਦਾ ਬਜਟ 50 ਲੱਖ ਰੁਪਏ ਸੀ।ਜੋ ਕਿ 2024 ਵਿਚ ਵੱਧ ਕੇ 6 ਕਰੋੜ ਰੁਪਏ ਰਾਖਵਾਂ ਰੱਖਿਆ ਗਿਆ ਹੈ। ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ `ਚ ਘੱਟ ਗਿਣਤੀਆਂ ਵਿਚ ਵੀ ਘੱਟ ਗਿਣਤੀ ਪਾਰਸੀ ਭਾਈਚਾਰੇ ਦੀ ਭਲਾਈ ਲਈ ਕੀਤੇ ਉਪਰਾਲਿਆਂ ਤੇ ਰੱਖੇ ਰਾਖਵੇਂ ਬਜਟ ਸਬੰਧੀ ਵੀ ਜਾਣਕਾਰੀ ਮੰਗੀ ਸੀ।ਭਾਰਤ ਵਿਚ 0.06 ਪ੍ਰਤੀਸ਼ਤ ਪਾਰਸੀ ਅਬਾਦੀ ਦੇ ਨਾਲ, ਪਾਰਸੀਆਂ ਨੂੰ ਘੱਟ ਗਿਣਤੀਆਂ ਦੇ ਵਿਚ ਵੀ ਘੱਟ ਗਿਣਤੀ ਮੰਨਿਆ ਜਾਂਦਾ ਹੈ, ਜਿਨ੍ਹਾਂ ਲਈ ਪਾਰਸੀ ਯੋਜਨਾ ਸ਼ੁਰੂ ਕੀਤੀ ਗਈ ਹੈ।
ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਲਿਖਤ ਰੂਪ `ਚ ਜਨਗਣਨਾ ਦੇ ਅੰਕੜਿਆਂ ਮੁਤਾਬਕ ਕਿਹਾ ਕਿ ਦੇਸ਼ `ਚ ਪਾਰਸੀਆਂ ਦੀ ਜਨਸੰਖਿਆ 1941 ਵਿਚ 1,14,000 ਸੀ, ਜੋ 2011 ਵਿਚ ਘੱਟ ਕੇ 57,264 ਹੀ ਰਹਿ ਗਈ ਸੀ। ਜਨਸੰਖਿਆ ਵਿਚ ਗਿਰਾਵਟ ਨੂੰ ਰੋਕਣ ਤੇ ਭਲਾਈ ਲਈ ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਸੀ। ਇਸ ਯੋਜਨਾ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਸੀ, ਜਿਸ ਵਿਚ ਮੈਡੀਕਲ ਸਹਾਇਤਾ ਵੀ ਸ਼ਾਮਲ ਹੈ, ਯੋਜਨਾ ਦੇ ਤਹਿਤ ਇਲਾਜ ਲਈ ਵਿੱਤੀ ਸਹਾਇਤਾ ਦਿੱਤੀ ਹੈ। ਭਾਈਚਾਰੇ ਦੇ ਬੱਚਿਆਂ ਦੀ ਸਿਹਤ ਜਾਂਚ ਤੇ ਬਜ਼ੁਰਗਾਂ ਵਾਸਤੇ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਹੈ। ਭਾਈਚਾਰੇ ਵਿਚ ਜਾਗਰੂਕਤਾ ਲਈ, ਵਿਆਹੁਣਯੋਗ ਉਮਰ ਤੇ ਨੌਜਵਾਨ ਜੌੜਿਆਂ `ਚ ਜਨਸੰਖਿਆ ਵਿਚ ਗਿਰਾਵਟ ਨੂੰ ਰੋਕਣ ਵਾਸਤੇ ਉਤਸ਼ਾਹਿਤ ਕਰਨ ਉਪਰਾਲਿਆਂ ਦੇ ਨਾਲ, ਸ਼ੁਰੂਆਤੀ ਹੱਲ ਤੇ ਇਲਾਜ ਲਈ ਵੀ ਜਾਗਰੂਕਤਾ ਪੈਦਾ ਕੀਤੀ ਹੈ।
ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੀਐੱਮ ਮੋਦੀ ਦੀ ਅਗੁਵਾਈ ਹੇਠ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਵੱਖ-ਵੱਖ ਯੋਜਨਾਵਾਂ ਦੇ ਮਾਧਿਅਮ ਨਾਲ ਪਾਰਸੀ ਭਾਈਚਾਰੇ ਦਾ ਸ਼ਕਤੀਕਰਨ ਨਿਸ਼ਚਿਤ ਕੀਤਾ ਹੈ। ਪਾਰਸੀਆਂ ਦੀ ਜਨਸੰਖਿਆ ਵਿਚ ਆ ਰਹੀ ਗਿਰਾਵਟ ਨੂੰ ਰੋਕਣ ਲਈ, ਜੀਓ ਪਾਰਸੀ ਯੋਜਨਾ ਤਹਿਤ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਘੱਟ ਰਹੀ ਜਨਸੰਖਿਆ `ਚ ਵਾਧੇ ਲਈ ਵਿਗਿਆਨਕ ਪ੍ਰ਼ੋਟੋਕਾਲ ਤੇ ਢਾਂਚਾਗਤ ਹੱਲ ਕੀਤਾ ਹੈ।
ਸੰਧੂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ, 15 ਲੱਖ ਰੁਪਏ ਤੋਂ ਘੱਟ ਸਲਾਨਾ ਆਮਦਨ ਵਾਲੇ ਪਾਰਸੀ ਜੌੜਿਆਂ ਨੂੰ 18 ਸਾਲ ਤੱਕ ਦੇ ਹਰ ਇੱਕ ਬੱਚੇ ਲਈ 8000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਆਸ਼ਰਿਤ ਬਜ਼ੁਰਗਾਂ (60 ਸਾਲਾਂ ਤੋਂ ਵੱਧ) ਦੇ ਲਈ ਪ੍ਰਤੀ ਮਹੀਨਾ 10,000 ਰੁਪਏ ਆਰਥਿਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਜੀਓ ਪਾਰਸੀ ਯੋਜਨਾ 15ਵੇਂ ਵਿੱਤੀ 5 ਸਾਲਾ ਯੋਜਨਾ (2021-22 ਤੋਂ 2025-26) ਦੌਰਾਨ 50 ਕਰੋੜ ਰੁਪਏ ਬਜਟ ਰਾਖਵਾਂ ਰੱਖਿਆ ਗਿਆ ਹੈ। ਜੀਓ ਪਾਰਸੀ ਯੋਜਨਾ ਹੁਣ ਤੱਕ 400 ਤੋਂ ਵੱਧ ਪਾਰਸੀ ਬੱਚਿਆਂ ਦੇ ਜੀਵਨ ਨੂੰ ਬਿਹਤਰ ਬਣਾ ਚੁੱਕੀ ਹੈ।
ਪਾਰਸੀ ਭਾਈਚਾਰੇ ਨੇ ਦੇਸ਼ ਦੇ ਵਿਕਾਸ ਲਈ ਸ਼ਲਾਘਾਯੋਗ ਕਾਰਜ ਕੀਤੇ ਹਨ ਤੇ ਮੋਦੀ ਸਰਕਾਰ ਨੇ ਭਾਈਚਾਰੇ ਦੀਆਂ 10 ਸ਼ਖ਼ਸ਼ੀਅਤਾਂ ਨੂੰ ਦੇੇਸ਼ ਲਈ ਦਿੱਤੇ ਯੋਗਦਾਨ ਬਦਲੇ ਪਦਮ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਹੈ। ਕੇਂਦਰ ਸਰਕਾਰ ਦੀ ਲੱਖਪਤੀ ਦੀਦੀ ਯੋਜਨਾ ਤਹਿਤ, ਪਾਰਸੀ ਭਾਈਚਾਰੇ ਦੀਆਂ 4,054 ਮਹਿਲਾਵਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਆਰਥਿਕ ਸਹਾਇਤਾ ਪ੍ਰਦਾਨ ਕਰ ਕੇ ਸਮਰੱਥ ਬਣਾਇਆ ਹੈ।
- PTC NEWS