Chandigarh Thar Accident : ਚੰਡੀਗੜ੍ਹ ਪੁਲਿਸ ਦੇ ਸ਼ਿਕੰਜੇ 'ਚ ਥਾਰ ਚਾਲਕ, ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ, ਪੰਜਾਬ ਯੂਨੀ. 'ਚ ਲਾਅ ਦਾ ਵਿਦਿਆਰਥੀ ਹੈ ਮੁਲਜ਼ਮ
Chandigarh Thar Hit & Run : ਚੰਡੀਗੜ੍ਹ ਪੁਲਿਸ ਨੇ ਦੋ ਭੈਣਾਂ ਨੂੰ ਟੱਕਰ ਮਾਰ ਕੇ ਫਰਾਰ ਹੋਣ ਵਾਲੇ ਲਾਲ ਰੰਗ ਦੀ ਥਾਰ ਵਾਲੇ ਚਾਲਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨ ਪੁਲਿਸ ਨੇ ਮਾਮਲੇ 'ਚ ਪਹਿਲਾਂ ਲਾਲ ਰੰਗ ਦੀ ਥਾਰ ਨੰਬਰ CHO1CG9000 ਨੂੰ ਬਰਾਮਦ ਕੀਤਾ ਸੀ, ਜੋ ਕਿ ਚੰਡੀਗੜ੍ਹ ਦੇ ਸੈਕਟਰ 21 ਦੇ ਪਤੇ 'ਤੇ ਰਜਿਸਟਰਡ ਹੈ। ਗ੍ਰਿਫ਼ਤਾਰ ਨੌਜਵਾਨ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ।
ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਸੀ ਦੋਵੇਂ ਭੈਣਾਂ
ਦੱਸ ਦਈਏ ਕਿ ਦੋਵੇਂ ਭੈਣਾਂ ਸੈਕਟਰ 46 ਦੇ ਦੇਵ ਸਮਾਜ ਕਾਲਜ ਬਾਹਰ ਸੜਕ 'ਤੇ ਖੜ੍ਹੀਆਂ ਸਨ, ਇੱਕ ਆਟੋ-ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ। ਇਸ ਦੌਰਾਨ ਇੱਕ ਲਾਲ ਰੰਗ ਦੀ ਥਾਰ ਨੇ ਸੜਕ ਕਿਨਾਰੇ ਖੜ੍ਹੀਆਂ ਦੋ ਭੈਣਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈਆਂ। ਰਾਹਗੀਰਾਂ ਨੇ ਤੁਰੰਤ ਦੋਵਾਂ ਭੈਣਾਂ ਨੂੰ ਸੈਕਟਰ -32 ਦੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ 22 ਸਾਲਾ ਸੋਜੇਫ ਨੂੰ ਮ੍ਰਿਤਕ ਐਲਾਨ ਦਿੱਤਾ। ਵੱਡੀ ਭੈਣ 24 ਸਾਲਾ ਈਸ਼ਾ ਅਜੇ ਵੀ ਇਲਾਜ ਅਧੀਨ ਹੈ।
ਜਾਣਕਾਰੀ ਅਨੁਸਾਰ, ਪੁਲਿਸ ਵੱਲੋਂ ਫੜੇ ਗਏ ਨੌਜਵਾਨ ਦਾ ਨਾਮ ਨੇਰੋਸ਼ਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ, ਜੋ ਕਿ ਪੰਜਾਬ ਯੂਨੀਵਰਸਿਟੀ 'ਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ।
ਸੈਕਟਰ 45 ਬੁੜੈਲ ਚੌਕੀ ਦਾ ਇੰਚਾਰਜ ਹਟਾਇਆ
ਸੈਕਟਰ 45 ਬੁੜੈਲ ਪੁਲਿਸ ਚੌਕੀ ਦੇ ਇੰਚਾਰਜ ਗੁਰਜੀਵਨ ਸਿੰਘ ਨੂੰ ਇਸ ਮਾਮਲੇ ਵਿੱਚ ਲਾਪਰਵਾਹੀ ਲਈ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਸਬ-ਇੰਸਪੈਕਟਰ ਨਵੀਨ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਹਾਦਸਾ ਬੁੱਧਵਾਰ ਦੁਪਹਿਰ ਨੂੰ ਵਾਪਰਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ ਸੀ, ਜਿਸ 'ਚ ਇਲਜ਼ਾਮ ਲਗਾਇਆ ਕਿ ਪੁਲਿਸ ਥਾਰ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪਰਿਵਾਰਕ ਮੈਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਕੁੜੀ ਦੇ ਪਿਤਾ ਦਾ ਕਹਿਣਾ ਕਿ ਹਸਪਤਾਲ ਦਾ ਪ੍ਰਸਾਸ਼ਨ ਜ਼ਖਮੀ ਹੋਈ ਕੁੜੀ ਨੂੰ ਵੀ ਇਥੋਂ ਲੈਕੇ ਜਾਣ ਲਈ ਕਹਿ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਥਾਰ ਗੱਡੀ 'ਚ ਦੋ ਮੁੰਡੇ ਅਤੇ ਇੱਕ ਕੁੜੀ ਬੈਠੀ ਸੀ। ਟੱਕਰ ਮਾਰਨ ਤੋਂ ਬਾਅਦ ਫਰਾਰ ਹੋ ਗਏ।
- PTC NEWS