Ludhiana News : ਲੁਧਿਆਣਾ 'ਚ ਚੱਲਦੀ ਟ੍ਰੇਨ ਹੇਠਾਂ ਆਇਆ ਬੱਚਾ , ਕੱਟਣਾ ਪਿਆ ਪੈਰ , ਪਲੇਟਫਾਰਮ 'ਤੇ ਦੌੜਦੀ ਰਹੀ ਮਾਂ
Ludhiana News : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇੱਕ 5 ਸਾਲ ਦਾ ਬੱਚਾ ਟ੍ਰੇਨ ਤੋਂ ਉਤਰਦੇ ਸਮੇਂ ਫਿਸਲ ਕੇ ਟ੍ਰੇਨ ਅਤੇ ਪਲੇਟਫਾਰਮ ਦੇ ਵਿਚਕਾਰ ਬਣੇ ਗੈਪ ਵਿੱਚ ਡਿੱਗ ਗਿਆ। ਜਿਸ ਕਾਰਨ ਉਸ ਦਾ ਪੈਰ ਚੱਲਦੀ ਟ੍ਰੇਨ ਦੇ ਹੇਠਾਂ ਆ ਗਈ, ਜਿਸ ਨਾਲ ਉਸਨੂੰ ਗੰਭੀਰ ਸੱਟਾਂ ਲੱਗੀਆਂ। ਬੱਚੇ ਨੂੰ ਤੁਰੰਤ ਸੀਐਮਸੀ ਹਸਪਤਾਲ ਲਿਜਾਇਆ ਗਿਆ। ਉਸਦੀ ਨਾਜ਼ੁਕ ਹਾਲਤ ਕਾਰਨ ਉਸਨੂੰ ਪਹਿਲਾਂ ਦਿੱਲੀ ਅਤੇ ਫਿਰ ਮੇਰਠ ਰੈਫਰ ਕੀਤਾ ਗਿਆ।
ਮੇਰਠ ਵਿੱਚ ਆਪ੍ਰੇਸ਼ਨ ਦੌਰਾਨ ਬੱਚੇ ਦੀ ਲੱਤ ਕੱਟਣੀ ਪਈ। ਇਹ ਘਟਨਾ 2 ਅਕਤੂਬਰ ਨੂੰ ਵਾਪਰੀ ਸੀ ਪਰ ਘਟਨਾ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ। ਪਿਤਾ ਨੇ ਆਰੋਪ ਲਗਾਇਆ ਹੈ ਕਿ ਕਿਸੇ ਨੇ ਉਸਨੂੰ ਟ੍ਰੇਨ ਤੋਂ ਧੱਕਾ ਦੇ ਦਿੱਤਾ, ਜਿਸ ਕਾਰਨ ਉਸਦੀ ਇਹ ਹਾਲਤ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਤਰਦੇ ਸਮੇਂ ਬੱਚੇ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਹਾਦਸਾ ਹੋਇਆ।
ਮੁਜ਼ੱਫਰਨਗਰ ਜਾ ਰਿਹਾ ਸੀ ਪਰਿਵਾਰ
ਜਾਣਕਾਰੀ ਅਨੁਸਾਰ ਪਰਿਵਾਰ (ਮਾਤਾ-ਪਿਤਾ ਅਤੇ ਦੋ ਬੱਚੇ) ਮੁਜ਼ੱਫਰਨਗਰ (ਨਾਨਾ-ਨਾਨੀ ਦੇ ਘਰ) ਜਾ ਰਿਹਾ ਸੀ। ਉਹ ਇੰਟਰਸਿਟੀ ਐਕਸਪ੍ਰੈਸ ਫੜਨ ਲਈ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚੇ। ਮਾਂ ਦੋ ਬੱਚਿਆਂ ਅਤੇ ਇੱਕ ਭਾਰੀ ਬੈਗ ਨਾਲ ਪਲੇਟਫਾਰਮ 'ਤੇ ਚੱਲ ਰਹੀ ਸੀ। ਜਿਵੇਂ ਹੀ ਰੇਲਗੱਡੀ ਚੱਲਣ ਲੱਗੀ ਤਾਂ ਮਾਂ ਨੇ ਇੱਕ ਬੱਚੇ ਨੂੰ ਟ੍ਰੇਨ ਵਿੱਚ ਚੜ੍ਹਾ ਦਿੱਤਾ। ਦੂਜੇ ਬੱਚੇ ਅਤੇ ਬੈਗ ਨਾਲ ਉਹ ਖੁਦ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਟ੍ਰੇਨ ਦੀ ਰਫ਼ਤਾਰ ਵਧ ਗਈ।
ਇਸ ਦੌਰਾਨ ਟ੍ਰੇਨ 'ਤੇ ਸਵਾਰ ਇੱਕ ਆਦਮੀ ਨੇ ਬੱਚੇ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਬੱਚਾ ਟ੍ਰੇਨ ਅਤੇ ਪਲੇਟਫਾਰਮ ਦੇ ਵਿਚਕਾਰਲੇ ਪਾੜੇ ਵਿੱਚ ਡਿੱਗ ਗਿਆ। ਉਸ ਦਾ ਪੈਰ ਟ੍ਰੇਨ ਦੇ ਪਹੀਆਂ ਹੇਠ ਆ ਗਿਆ। ਪਲੇਟਫਾਰਮ 'ਤੇ ਮੌਜੂਦ ਲੋਕ ਭੱਜੇ ਅਤੇ ਉਸਨੂੰ ਬਾਹਰ ਕੱਢਿਆ।
ਬੱਚੇ ਦੇ ਪਿਤਾ ਸੰਦੀਪ ਨੇ ਕਿਹਾ ਕਿ ਉਹ ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਰਹਿੰਦਾ ਹੈ ਅਤੇ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸਦਾ 5 ਸਾਲ ਦਾ ਪੁੱਤਰ ਆਭਾਸ ਦੂਜੀ ਜਮਾਤ ਵਿੱਚ ਪੜ੍ਹਦਾ ਹੈ। ਉਹ ਆਪਣੀ ਪਤਨੀ ਅਤੇ ਪੁੱਤਰ ਨਾਲ ਮੁਜ਼ੱਫਰਨਗਰ ਵਿੱਚ ਆਪਣੇ ਸਹੁਰੇ ਘਰ ਜਾ ਰਿਹਾ ਸੀ। ਜਦੋਂ ਉਸ ਸਵੇਰੇ ਇੰਟਰਸਿਟੀ ਟ੍ਰੇਨ ਆਈ ਤਾਂ ਉਸਦਾ ਪੁੱਤਰ ਪਹਿਲਾਂ ਸਵਾਰ ਹੋਇਆ, ਪਰ ਅੰਦਰ ਕਿਸੇ ਨੇ ਉਸਨੂੰ ਧੱਕਾ ਦੇ ਦਿੱਤਾ ਅਤੇ ਉਹ ਟ੍ਰੇਨ ਦੀ ਲਪੇਟ ਵਿੱਚ ਆ ਗਿਆ। ਹਾਦਸੇ ਵਿੱਚ ਪੁੱਤਰ ਨੂੰ ਗੰਭੀਰ ਸੱਟਾਂ ਲੱਗੀਆਂ। ਉਹ ਉਸਨੂੰ ਤੁਰੰਤ ਸੀਐਮਸੀ ਹਸਪਤਾਲ ਲੈ ਗਏ, ਪਰ ਇਲਾਜ ਬਹੁਤ ਮਹਿੰਗਾ ਸੀ।
ਪਿਤਾ ਨੇ ਸਰਕਾਰ ਤੋਂ ਮੰਗੀ ਆਰਥਿਕ ਮਦਦ
ਪਰਿਵਾਰ ਨੂੰ ਉਮੀਦ ਸੀ ਕਿ ਦਿੱਲੀ ਵਿੱਚ ਬਿਹਤਰ ਇਲਾਜ ਨਾਲ ਉਨ੍ਹਾਂ ਦੇ ਪੁੱਤਰ ਦੀ ਲੱਤ ਬਚ ਸਕਦੀ ਹੈ, ਇਸ ਲਈ ਉਹ ਉਸਨੂੰ ਦਿੱਲੀ ਅਤੇ ਫਿਰ ਮੇਰਠ ਲੈ ਗਏ। ਹਾਲਾਂਕਿ, ਉਸਦੀ ਹਾਲਤ ਵਿਗੜਨ 'ਤੇ ਡਾਕਟਰਾਂ ਨੂੰ ਉਸਦੀ ਲੱਤ ਕੱਟਣੀ ਪਈ। ਪਿਤਾ ਸੰਦੀਪ ਨੇ ਕਿਹਾ ਕਿ ਉਸਦਾ ਪੁੱਤਰ ਆਭਾਸ਼ ਜੀਵਨ ਭਰ ਲਈ ਅਪਾਹਜ ਹੋ ਗਿਆ ਹੈ। ਉਸਨੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ ਅਤੇ ਰੇਲਵੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਲੇਟਫਾਰਮ 'ਤੇ ਧੱਕਾ-ਮੁੱਕੀ ਬੰਦ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਨਾਲ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰ ਸਕਣ।
- PTC NEWS