Punjab Health Minister ਨੂੰ ਜਿਣਸੀ ਸ਼ੋਸ਼ਣ ਦੇ ਇਲਜ਼ਾਮ 'ਚ ਅਦਾਲਤ ਦਾ ਨੋਟਿਸ, AAP ਦੀ ਸਾਬਕਾ ਜ਼ਿਲ੍ਹਾ ਮਹਿਲਾ ਪ੍ਰਧਾਨ ਨੇ ਲਾਏ ਇਲਜ਼ਾਮ, ਮੰਤਰੀ ਦਾ ਆਇਆ ਬਿਆਨ
Punjab Health Minister : ਪਟਿਆਲਾ ਅਦਾਲਤ ਨੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr Balbir Singh) ਖਿਲਾਫ਼ 'ਸੈਕਸੂਅਲ ਹਰਾਸਮੈਂਟ' ਦਾ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਸਿਹਤ ਮੰਤਰੀ ਸਮੇਤ ਹੋਰਨਾਂ ਆਮ ਆਦਮੀ ਪਾਰਟੀ (AAP Punjab) ਦੇ ਆਗੂਆਂ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਸ਼ਿਕਾਇਤ ਪਟਿਆਲਾ ਆਮ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ 23 ਅਕਤੂਬਰ, 2025 ਨੂੰ ਤੈਅ ਕੀਤੀ ਗਈ ਹੈ।
ਪਟਿਆਲਾ ਅਦਾਲਤ ਨੇ ਡਾ. ਬਲਬੀਰ ਸਿੰਘ ਅਤੇ ਹੋਰਾਂ ਦੇ ਸਬੰਧ 'ਚ ਇਹ ਮਹੱਤਵਪੂਰਨ ਹੁਕਮ ਪਾਸ ਕੀਤਾ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਹੈ ਕਿ ਸੰਮਨਾਂ ਦੀ ਬਜਾਏ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਜਾਣ। ਇਹ ਹੁਕਮ ਭਾਰਤੀ ਦੰਡ ਸੰਹਿਤਾ (BNSS), 2023 ਦੀ ਧਾਰਾ 223(1) ਦੇ ਤਹਿਤ ਜਾਰੀ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰ ਰਹੀ ਵਕੀਲ ਸ਼੍ਰੀਮਤੀ ਨਵਦੀਪ ਕੌਰ ਵਰਮਾ ਨੇ ਕਈ ਧਾਰਾਵਾਂ ਦੇ ਤਹਿਤ ਸ਼ਿਕਾਇਤ ਦਾਇਰ ਕੀਤੀ, ਜਿਸ ਵਿੱਚ BNSS ਦੀਆਂ ਧਾਰਾਵਾਂ 114, 115(2), 56, 61, 74, 75, 76, 78, 79, 351, 356, ਅਤੇ 3(5) ਸ਼ਾਮਲ ਹਨ। ਸ਼ਿਕਾਇਤ ਵਿੱਚ ਡਾਕਟਰ ਬਲਬੀਰ ਸਿੰਘ, ਰਾਹੁਲ ਸੈਣੀ ਪੁੱਤਰ ਡਾਕਟਰ ਬਲਬੀਰ ਸਿੰਘ, ਜਸਬੀਰ ਸਿੰਘ ਗਾਂਧੀ ਗੁਰਕਿਰਪਾਲ ਸਿੰਘ ਐਮਸੀ, ਗੁਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦਾ ਨਾਮ ਸ਼ਾਮਿਲ ਹੈ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਨੋਟਿਸ ਸਿਰਫ਼ ਜਾਣਕਾਰੀ ਲਈ ਹੈ ਅਤੇ ਇਸਨੂੰ ਸੰਮਨ ਨਹੀਂ ਮੰਨਿਆ ਜਾਂਦਾ। ਇਸ ਤੋਂ ਇਲਾਵਾ, ਮੁਲਜ਼ਮਾਂ ਨੂੰ ਵਿਅਕਤੀਗਤ ਤੌਰ 'ਤੇ ਜਾਂ ਆਪਣੇ ਵਕੀਲ ਰਾਹੀਂ ਪੇਸ਼ ਹੋਣ ਦਾ ਅਧਿਕਾਰ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਸੰਮਨ ਜਾਰੀ ਹੋਣ ਤੱਕ ਜ਼ਮਾਨਤ ਪ੍ਰਾਪਤ ਕਰਨ ਲਈ ਨਿੱਜੀ ਪੇਸ਼ੀ ਦੀ ਲੋੜ ਨਹੀਂ ਹੈ।
ਸ਼ਿਕਾਇਤਕਰਤਾ, ਮੇਰੀ ਧੀਆਂ ਵਰਗੀ : ਸਿਹਤ ਮੰਤਰੀ
ਉਧਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਗਾਉਣ ਵਾਲੀ ਸਾਬਕਾ ਜ਼ਿਲ੍ਹਾ ਮਹਿਲਾ ਪ੍ਰਧਾਨ ਨੂੰ ਆਪਣੀਆਂ ਧੀਆਂ ਵਰਗਾ ਦੱਸਿਆ ਹੈ। ਉਨ੍ਹਾਂ ਕਿਹਾ, ''ਮੈਂ ਹਮੇਸ਼ਾ ਇਸ ਦਾ ਸਾਥ ਦਿੱਤਾ ਹੈ, ਪਰ ਜਦੋਂ ਇਸ ਨੂੰ ਟਿਕਟ ਨਹੀਂ ਮਿਲੀ, ਤਾਂ ਉਸ ਤੋਂ ਬਾਅਦ ਉਹ ਨਾਰਾਜ਼ ਸੀ, ਜਿਸ ਕਾਰਨ ਸਿਆਸੀ ਰੰਜਿਸ਼ ਤਹਿਤ ਉਨ੍ਹਾਂ ਉਪਰ ਇਹ ਇਲਜ਼ਾਮ ਲਗਾਏ ਗਏ ਹਨ।''
ਕੁੱਝ ਦਿਨ ਪਹਿਲਾਂ ਹੀ ਸਾਬਕਾ ਮਹਿਲਾ ਪ੍ਰਧਾਨ ਨੂੰ ਕੀਤਾ ਗਿਆ ਸੀ ਸਸਪੈਂਡ
ਦੱਸ ਦਈਏ ਕਿ AAP ਵੱਲੋਂ ਬੀਤੇ ਦਿਨੀ ਹੀ ਸਾਬਕਾ ਜ਼ਿਲ੍ਹਾ ਮਹਿਲਾ ਪ੍ਰਧਾਨ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਤੁਰੰਤ ਪ੍ਰਭਾਵ ਨਾਲ ਸਾਰੇ ਅਹੁਦਿਆਂ ਤੋਂ ਸਸਪੈਂਡ ਕੀਤਾ ਸੀ, ਕਿਉਂਕਿ ਮੋਬਾਈਲ ਡਾਟਾ ਡਿਲੀਟ ਮਾਮਲੇ 'ਚ ਮਹਿਲਾ ਆਗੂ ਨੇ ਥਾਣਾ ਤ੍ਰਿਪੜੀ ਅੱਗੇ ਧਰਨਾ ਲਾ ਕੇ ਪੁਲਿਸ 'ਤੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਗੰਭੀਰ ਇਲਜ਼ਾਮ ਲਾਏ ਸਨ। ਇਸ ਮਾਮਲੇ ਵਿੱਚ ਪਾਰਟੀ ਨੇ ਮਹਿਲਾ ਆਗੂ ਤੋਂ ਸਪੱਸ਼ਟੀਕਰਨ ਮੰਗਿਆ ਸੀ, ਪਰੰਤੂ ਪਾਰਟੀ ਨੇ ਸਪੱਸ਼ਟੀਕਰਨ ਤੋਂ ਅਸੰਤੁਸ਼ਟੀ ਜ਼ਾਹਰ ਕਰਦਿਆਂ ਪਾਰਟੀ ਦੇ ਨਾਂਅ ਦੀ ਦੁਰਵਰਤੋਂ ਕੀਤੇ ਜਾਣ ਦੀ ਗੱਲ ਕਹਿ ਕੇ ਸਸਪੈਂਡ ਕਰ ਦਿੱਤਾ ਸੀ।
- PTC NEWS