Mohali Schools : ਮਾਪੇ ਹੋ ਜਾਣ ਅਲਰਟ ! ਸੈਂਕੜੇ ਸਕੂਲਾਂ ’ਚ ਵਿਦਿਆਰਥੀ ਪੀ ਰਹੇ ਹਨ ਜ਼ਹਿਰ, ਪੀਣ ਵਾਲੇ ਪਾਣੀ ਦੇ ਸੈਂਪਲ ਹੋਏ ਫੇਲ੍ਹ
Water in schools harmful to health : ਜ਼ਿਲ੍ਹਾ ਐੱਸਏਐੱਸ ਨਗਰ ਮੁਹਾਲੀ ਦੇ ਸੈਂਕੜੇ ਸਕੂਲਾਂ ਵਿੱਚ ਪਾਣੀ ਸਿਹਤ ਲਈ ਹਾਨੀਕਾਰਕ ਹੈ, ਪਾਣੀ ਦੇ ਸੈਂਪਲ ਫੇਲ੍ਹ ਹੋ ਚੁੱਕੇ ਹਨ। ਇੱਕ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਲ੍ਹੇ ਦੇ 243 ਸਕੂਲਾਂ ਵਿੱਚ ਜਿਹੜਾ ਪਾਣੀ ਵਿਦਿਆਰਥੀਆਂ ਨੂੰ ਮੁਹੱਈਆ ਕੀਤਾ ਜਾ ਰਿਹਾ ਹੈ ਉਹ ਨੌਨ-ਪੋਟੇਬਲ ਭਾਵ ਪੀਣਯੋਗ ਨਹੀਂ ਹੈ। ਰਿਪੋਰਟਾਂ ਵਿੱਚ ਧਾਤਾਂ ਮਿਲੀਆਂ ਹਨ ਜਾਂ ਬੈਕਟੀਰੀਆ ਪਾਇਆ ਗਿਆ, ਇਸ ਬਾਰੇ ਕੋਈ ਤੱਥ ਉਜਾਗਰ ਨਹੀਂ ਕੀਤੇ ਗਏ। ਪਰ ਹਾਲਾਤ ਐਨੇ ਖ਼ਰਾਬ ਹਨ ਕਿ ਕਈ 26 ਥਾਵਾਂ ’ਤੇ ਤਾਂ ਆਰਓ ਵਾਲੀ ਟੈਪ ਦਾ ਪਾਣੀ ਵੀ ਪੀਣਯੋਗ ਨਹੀਂ ਹੈ, ਜਦੋਂ ਕਿ ਇੱਕ ਥਾਂ ’ਤੇ ਪੈਕਡ ਬੋਤਲ ਦਾ ਨਮੂਨਾ ਵੀ ਮਿਆਰ ’ਤੇ ਖਰਾ ਨਹੀਂ ਉਤਰ ਸਕਿਆ। ਰਿਪੋਰਟਾਂ ਤੋਂ ਬਾਅਦ ਜ਼ਿਲ੍ਹਾ ਸਿਹਤ ਅਤੇ ਸਿੱਖਿਆ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪਤਾ ਲੱਗਿਆ ਹੈ ਕਿ ਇਨ੍ਹਾਂ ਸਕੂਲਾਂ ਵਿਚੋਂ ਪਾਣੀ ਬੰਦ ਕਰ ਕੇ ਬਦਲਵੇਂ ਪ੍ਰਬੰਧ ਕਰਨ ਦੇ ਹੁਕਮ ਜਾਰੀ ਹੋਏ ਹਨ। ਇਸ ਬਾਰੇ ਡੀਸੀ ਮੁਹਾਲੀ ਨੇ ਇਸ ਮਾਮਲੇ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੋਂ ਰਿਪੋਰਟ ਤਲਬ ਕੀਤੀ ਹੈ। ਡੀਸੀ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਦੇ ਅਫ਼ਸਰਾਂ ਨੇ ਅੱਗੇ ਹੁਕਮ ਦਿੰਦੀਆਂ ਪ੍ਰਿੰਸੀਪਲਾਂ ਤੇ ਸਕੂਲ ਮੁਖੀਆਂ ਨੂੰ ਪੀਣ ਵਾਲੇ ਪਾਣੀ ਸਬੰਧੀ ਉਪਰਾਲਿਆਂ/ਕਾਰਜਾਂ ਬਾਰੇ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਕੁੱਲ 538 ਸਕੂਲਾਂ ਵਿੱਚ ਪਾਣੀ ਦੇ ਨਮੂਨੇ ਲਏ
ਪਿਛਲੇ ਦਿਨੀਂ ਕਰਵਾਏ ਸਰਵੇ ਦੌਰਾਨ ਜ਼ਿਲ੍ਹੇ ਦੇ ਕੁੱਲ 538 ਸਕੂਲਾਂ ਵਿੱਚ ਪਾਣੀ ਦੇ ਨਮੂਨੇ ਲਏ ਗਏ। ਇਨ੍ਹਾਂ ਵਿੱਚ ਪੈਕਡ ਬੋਤਲਾਂ, ਵਾਟਰ ਕੂਲਰ, ਟਿਊਬਵੈੱਲ, ਸਰਕਾਰੀ ਸਪਲਾਈ, ਆਰਓ, ਆਰਓ ਟੈਪ, ਵਾਟਰ ਟੈਂਕਰ, ਸਬਮਰਸੀਬਲ ਤੇ ਹੋਰ ਮਾਧਿਅਮਾਂ ਤੋਂ ਪ੍ਰਾਪਤ ਕੀਤਾ ਗਿਆ ਸੀ। ਪਾਣੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸੈਂਕੜੇ ਸਕੂਲਾਂ ਵਿੱਚ ਟੂਟੀ ਦਾ ਹੀ ਪਾਣੀ ਪੀਣਯੋਗ ਨਹੀਂ ਹੈ। ਕੁੱਲ 243 ਨਮੂਨੇ ਨਾ ਪੀਣਯੋਗ ਪਾਣੀ ਵਿਚੋਂ ਸਭ ਤੋਂ ਵੱਧ 180 ਨਮੂਨੇ ਟੂਟੀ ਦੇ ਪਾਣੀ ਦੇ ਸਨ। ਹਾਲਾਤ ਇਹ ਹਨ ਕਿ 26 ਨਮੂਨੇ ਆਰਓ ਵਾਲੀਆਂ ਟੂਟੀਆਂ ਤੋਂ ਪ੍ਰਾਪਤ ਕੀਤੇ ਗਏ ਸਨ ਜੋ ਕਿ ਪੀਣਯੋਗ ਨਹੀਂ ਹਨ। ਇਸੇ ਤਰ੍ਹਾਂ 18 ਸਕੂਲਾਂ ਵਿਚ ਟਿਊਬਵੈੱਲਾਂ ਤੋਂ ਪਾਣੀ ਸਪਲਾਈ ਹੋ ਰਿਹਾ ਸੀ ਜਿਨ੍ਹਾਂ ਦੇ ਸੈਂਪਲ ਮਿਆਰ ’ਤੇ ਖਰੇ ਨਹੀਂ ਉਤਰ ਸਕੇ। ਦੂਜੇ ਪਾਸੇ ਜਿਹੜੇ 283 ਸਕੂਲਾਂ ਦਾ ਪਾਣੀ ਪੀਣਯੋਗ ਪਾਇਆ ਗਿਆ ਹੈ ਉਨ੍ਹਾਂ ਵਿਚ ਸਭ ਤੋਂ ਵੱਧ 222 ਸੈਂਪਲ ਟੂਟੀਆਂ ਦੇ ਪਾਣੀ ਦੇ ਹਨ।
ਘੜੂੰਆਂ ਸਿਹਤ ਬਲਾਕ ਦਾ ਸਭ ਤੋਂ ਮਾੜਾ ਹਾਲ
ਪੂਰੇ ਜ਼ਿਲ੍ਹੇ ਵਿੱਚੋਂ ਲਏ ਗਏ ਕੁੱਲ ਨਮੂਨਿਆ ਵਿਚੋਂ ਸਭ ਤੋਂ ਮਾੜਾ ਹਾਲ ਘੜੂੰਆਂ ਹੈਲਥ ਬਲਾਕ ਦੇ ਸਕੂਲਾਂ ਦਾ ਰਿਹਾ। ਇੱਥੇ ਕੁੱਲ 106 ਸਕੂਲਾਂ ਵਿੱਚ ਪਾਣੀ ਦੇ ਨਮੂਨੇ ਗ਼ੈਰ ਮਿਆਰੀ ਪਾਏ ਗਏ ਹਨ। ਇਨ੍ਹਾਂ ਵਿੱਚ 98 ਨਮੂਨੇ ਟੂਟੇ ਦੇ ਪਾਣੀ ਦੇ ਲਏ ਗਏ ਹਨ। ਇਹੀ ਹਾਲ ਬੂਥਗੜ੍ਹ ਖੇਤਰ ਦੇ 64 ਸਕੂਲਾਂ ਦਾ ਹੈ ਜਿੱਥੇ ਪਾਣੀ ਬਿਲਕੁੱਲ ਪੀਣਯੋਗ ਨਹੀਂ ਹੈ ਜਿੱਥੇ 42 ਨਮੂਨੇ ਟੂਟੀ ਅਤੇ 9 ਆਰਓ ਵਾਲੀ ਪਾਣੇ ਫੇਲ੍ਹ ਹੋ ਗਏ। ਇਸੇ ਤਰ੍ਹਾਂ ਢਕੋਲੀ 24, ਡੇਰਾਬੱਸੀ 26 ਕੁਰਾਲੀ ਤੋਂ 3 ਪਾਣੀ ਦੇ ਨਮੂਨੇ ਫੇਲ੍ਹ ਹੋਏ ਹਨ।ਸਭ ਤੋਂ ਹਾਈਟੈੱਕ ਸ਼ਹਿਰ ਮੁਹਾਲੀ ਦਾ ਵੀ ਮਾੜਾ ਹਾਲ ਹੈ ਜਿੱਥੇ ਕੁੱਲ 15 ਫੇਲ੍ਹ ਨਮੂਨਿਆਂ ਵਿਚੋਂ 11 ਨਮੂਨੇ ਆਰਓ ਦੇ ਪਾਣੀ ਦੇ ਵੀ ਪੀਣਯੋਗ ਨਹੀਂ ਹਨ।
ਜ਼ਿਲ੍ਹੇ ਵਿਚੋਂ ਕੁੱਲ 283 ਸਕੂਲਾਂ ਜਿਨ੍ਹਾਂ ਵਿਚੋਂ ਪਾਣੀ ਦੇ ਨਮੂਨੇ ਪੀਣਯੋਗ ਪਾਏ ਗਏ ਹਨ। ਮੰਨਿਆਂ ਜਾ ਰਿਹਾ ਹੈ ਕਿ ਇਨ੍ਹਾਂ ਦੇ ਨਮੂਨੇ ਸਹੀ ਨਹੀਂ ਸਨ ਇਨ੍ਹਾਂ ਵਿੱਚ ਬੈਕਟੀਰੀਆ ਹੋਣ ਦਾ ਖ਼ਦਸ਼ਾ ਹੈ। ਇਨ੍ਹਾਂ ਵਿੱਚ ਸਭ ਤੋਂ ਵੱਧ ਘੜੂੰਆ ਸਿਹਤ ਬਲਾਕ ਨਾਲ ਸਬੰਧਤ ਹਨ ਜਦੋਂ ਕਿ ਢਕੌਲੀ 1 ਤੇ ਬੂਥਗੜ੍ਹ ਨਾਲ ਸਬੰਧਤ 2 ਸਕੂਲਾਂ ਦੇ ਨਮੂਨੇ ਦੁਬਾਰਾ ਲੈਣ ਦੇ ਹੁਕਮ ਹਨ।
ਇਹ ਹੈ ਵੱਡਾ ਕਾਰਨ
ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਪੀਣ ਵਾਲਾ ਪਾਣੀ ਟਿਊਬਵੈਲਾਂ ਤੋਂ ਮੁਹੱਈਆ ਹੁੰਦਾ ਹੈ। ਇਨ੍ਹਾਂ ਖੇਤਰਾਂ ਵਿਚ ਪੀਣ ਵਾਲੇ ਪਾਣੀ ਤੇ ਸੀਵਰੇਜ ਸੀਵਰੇਜ ਦੀਆਂ ਪਾਈਪਾਂ ਭੂਮੀਗਤ ਹੋਣ ਕਰਕੇ ਕਈ ਵਾਰ ਪਾਈਪਾਂ ਟੁੱਟ ਜਾਣ ਜਾਂ ਲੀਕ ਹੋਣ ਕਰਕੇ ਪੀਣ ਵਾਲਾ ਪਾਣੀ ਖ਼ਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਸਕੂਲਾਂ ਵਿਚ ਪਾਣੀ ਦੀਆਂ ਟੈਂਕੀਆਂ ਦੀ ਸਫ਼ਾਈ ਦਾ ਮੁੱਦਾ ਵੀ ਚਰਚਾ ਵਿੱਚ ਰਿਹਾ। ਸਕੂਲ ਮੁੱਖੀ ਇਸ ਗੱਲ ਤੋਂ ਡਾਹਢੇ ਪਰੇਸ਼ਾਨ ਸਨ ਕਿ ਪਬਲਿਕ ਹੈਲਥ ਵਿਭਾਗ ਦੀਆਂ ਟੀਮਾਂ ਇਨ੍ਹਾਂ ਦੀ ਸਫ਼ਾਈ ਨਹੀਂ ਕਰਦੀਆਂ। ਇਸ ਕਰਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਰਹਿੰਦੀ ਹੈ।
ਤੁਰੰਤ ਹੱਲ ਨਾ ਹੋਇਆ ਤਾਂ ਸਿਹਤ ਸਮੱਸਿਆਵਾਂ ਦਾ ਡਰ
ਪ੍ਰਦੂਸ਼ਿਤ/ਬੈਕਟੀਰੀਆ ਯੁਕਤ ਪਾਣੀ ਨਾਲ ਪੇਟ ਦੇ ਗੰਭੀਰ ਰੋਗ ਹੋ ਸਕਦੇ ਹਨ। ਇਨ੍ਹਾਂ ਵਿਚ ਪੀਲੀਆ, ਟੱਟੀਆਂ ਉਲਟੀਆਂ ਤੇ ਟਾਈਫਾਈਡ ਬੁਖ਼ਾਰ ਸ਼ਾਮਲ ਹਨ। ਪਬਲਿਕ ਹੈਲਥ ਵਿਭਾਗ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸ਼ਹਿਰ ਦੇ ਪੇਂਡੂ ਖੇਤਰ ਦੇ ਲੋਕਾਂ ਨੂੰ ਪਾਣੀਯੋਗ ਪਾਣੀ ਮੁਹੱਈਆ ਕਰਵਾਏ। ਜੇਕਰ ਕਿਸੇ ਸਕੂਲ ਵਿਚ ਟੈਂਕੀ ਦੀ ਦੀ ਸਫ਼ਾਈ ਜਾਂ ਕਲੋਰੀਨੇਸ਼ਨ ਕਰਨ ਦੀ ਲੋੜ ਹੈ ਤਾਂ ਸਮੇਂ ਸਿਰ ਕੀਤੀ ਜਾਵੇ। ਦੇਖਣ ਵਿਚ ਆਇਆ ਹੈ ਕਿ ਕਈ ਥਾਵਾਂ ’ਤੇ ਕਲੋਰੀਨੇਸ਼ਨ ਸਮੇਂ ’ਤੇ ਨਹੀਂ ਹੁੰਦੀ। ਬਰਸਾਤ ਦਾ ਮੌਸਮ ਹੋਣ ਕਰਕੇ ਹੁਣੇ ਇਸ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਹੈ।
DC ਨੇ ਕਿਹਾ ਕਿ ਮੈਂ ਡੀਈਓ ਮੁਹਾਲੀ ਤੋਂ ਰਿਪੋਰਟ ਮੰਗੀ ਹੈ। ਅਸੀਂ ਇਸ ਪਾਣੀ ਵਿਚ ਮੌਜੂਦ ਕੌਂਟੇਮੀਨੇਸ਼ਨ ਦਾ ਪਤਾ ਲਗਾ ਕੇ 100 ਫ਼ੀਸਦੀ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪਾਣੀ ’ਚ ਖ਼ਰਾਬੇ ਦਾ ਪਤਾ ਲਗਾਉਣ ਲਈ ਹਦਾਇਤ ਕੀਤੀ ਤੇ ਕਲੋਰੀਨੇਸ਼ਲ ਕਰਕੇ ਪਾਣੀ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ: Paris Olympics 'ਚ ਨੀਰਜ ਚੋਪੜਾ, ਪੀ.ਵੀ. ਸਿੰਧੂ ਦੇ ਨਾਲ-ਨਾਲ ਹੋਰ ਕਿਹੜੇ ਖਿਡਾਰੀਆਂ ਤੋਂ ਤਗਮਾ ਜਿੱਤਣ ਦੀ ਹੈ ਉਮੀਦ ? ਜਾਣੋ
- PTC NEWS