ETT Teacher Protest : ਈਟੀਟੀ ਅਧਿਆਪਕਾਂ ਵੱਲੋਂ ਸੰਗਰੂਰ 'ਚ ਪੰਜਾਬ ਦੀ 'ਪੋਲ ਖੋਲ੍ਹ' ਰੈਲੀ ਦਾ ਆਯੋਜਨ, ਬਜ਼ੁਰਗ ਤੋਂ ਲੈ ਕੇ ਬੱਚੇ ਹੋਏ ਸ਼ਾਮਲ
ETT Teacher Union : ਈਟੀਟੀ ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (6505) ਜੈ ਸਿੰਘ ਵਾਲਾ ਵੱਲੋਂ ਸੰਗਰੂਰ ਦੇ ਪਿੰਡ ਜਖੇਪਲ ਵਿਖੇ ਸਰਕਾਰ ਦੇ ਵਿਰੁੱਧ ਇੱਕ ਭੰਡੀ ਪ੍ਰਚਾਰ / ਪੋਲ ਖੋਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੌਰਾਨ ਪਿੰਡ ਵਿੱਚ ਘਰ - ਘਰ ਜਾ ਕੇ ਸਰਕਾਰ ਦੀ ਪੋਲ ਖੋਲਣ ਸਬੰਧੀ ਪੈਂਫਲਿਟ ਵੰਡੇ ਗਏ ਅਤੇ ਕੰਧਾਂ ਉੱਪਰ ਇਸ਼ਤਿਹਾਰ ਲਗਾ ਕ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਰੈਲੀ ਦਾ ਮੁੱਖ ਕਾਰਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਯੂਨੀਅਨ ਨਾਲ ਲਗਾਤਾਰ ਕੀਤੀ ਜਾ ਰਹੀ ਲਾਰੇਬਾਜੀ ਦੱਸਿਆ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਧਰਨੇ ਵਿੱਚ ਆ ਕੇ ਕਹਿੰਦੇ ਸਨ ਕਿ ਸਾਡੀ ਸਰਕਾਰ ਬਣਨ ਤੇ ਤੁਹਾਡਾ 180 ਦਾ ਮਸਲਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਪਰ ਅੱਜ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਹੋਣ ਦੇ ਬਾਵਜੂਦ ਵੀ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਲਾਰੇਬਾਜ਼ੀ ਕਰਕੇ ਮਸਲੇ ਨੂੰ ਲਮਕਾਇਆ ਜਾ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਕਈ ਵਾਰ ਮੀਟਿੰਗ ਦੇ ਕੇ ਉਸ ਵਿੱਚ ਮਸਲਾ ਹੱਲ ਨਹੀਂ ਕੀਤਾ ਜਾਂਦਾ ਤੇ ਟਾਈਮ ਟਪਾਇਆ ਜਾਂਦਾ ਹੈ ਇਸ ਲਾਰੇਬਾਜੀ ਤੋਂ ਦੁਖੀ ਹੋ ਕੇ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਆਏ ਹੋਏ ਅਧਿਆਪਕ ਕਿਸਾਨਾਂ ਦੇ ਸਮਰੱਥਨ ਨਾਲ ਅੱਜ ਵੱਡੀ ਗਿਣਤੀ ਵਿੱਚ ਪਿੰਡ ਜਖੇਪਲ ਵਿੱਚ ਸਰਕਾਰ ਦੇ ਵਿਰੁੱਧ ਇਕੱਠੇ ਹੋਏ । ਇਸ ਤੋਂ ਇਲਾਵਾ ਜਨਰਲ ਸਕੱਤਰ ਸੋਹਣ ਸਿੰਘ ਬਰਨਾਲਾ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ 180 ਈ ਟੀ ਟੀ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਬਿਨਾਂ ਕਿਸੇ ਕਾਰਨ ਖਤਮ ਕੀਤਾ ਗਿਆ । ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੁਆਰਾ ਅਪਣੀ ਰਿਪੋਰਟ ਲਿਖਤੀ ਰੂਪ ਵਿੱਚ ਤਿਆਰ ਕਰਕੇ ਸਾਰੀ ਗਲਤੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਕੱਢਣ ਉਪਰੰਤ ਵੀ ਵਿੱਤ ਮੰਤਰੀ ਵੱਲੋਂ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਹੈ।
ਭਰਾਤਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਰਕਾਰ ਵੱਖ - ਵੱਖ ਵਰਗਾਂ ਦੇ ਲੋਕਾਂ ਵਿੱਚ ਮਾਤਾਵਾਂ- ਭੈਣਾਂ ਨੂੰ 1000-1000 ਰੁਪਿਆ ਦੇਣਾ, ਬੇਰੁਜਗਾਰਾਂ ਨੂੰ ਨੌਕਰੀਆਂ ਦੇਣਾ, ਕਿਸਾਨਾਂ ਨੂੰ 5 ਮਿੰਟ ਵਿੱਚ MSP ਦੇਣਾ, ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣਾ ਅਤੇ ਹਸਪਤਾਲਾਂ ਵਿੱਚ ਲੋਕਾਂ ਨੂੰ ਫ੍ਰੀ ਇਲਾਜ਼ ਦੀ ਸਹੂਲਤ ਦੇਣਾ ਵਰਗੇ ਵਾਅਦਿਆਂ ਤੋਂ ਭੱਜ ਚੁੱਕੀ ਹੈ।ਇਸ ਪੋਲ ਖੋਲ ਰੈਲੀ ਵਿੱਚ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਹੋਏ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ ) ਦੇ ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਉਹਨਾਂ ਵੱਲੋਂ ਯੂਨੀਅਨ ਦਾ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ 180 ਦੀ ਲੜਾਈ ਵਿੱਚ ਅੱਗੇ ਵੀ ਸਾਥ ਦੇਣ ਦਾ ਐਲਾਨ ਕੀਤਾ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਜੇਕਰ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਹਲਕੇ ਦਿੜ੍ਹਬੇ ਵਿੱਚ ਵੱਡੀ ਪੱਧਰ ਤੇ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਪਿੰਡਾਂ ਵਿੱਚ ਜਾ ਕੇ ਸਰਕਾਰ ਦੇ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾਵੇਗਾ। ਲੋਕਾਂ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਾਗਰੂਕ ਕੀਤਾ ਜਾਵੇਗਾ।
- PTC NEWS