adv-img
ਮੁੱਖ ਖਬਰਾਂ

ਕਿਸਾਨਾਂ ਦਾ ਧਰਨਾ ਜਾਰੀ, ਕੱਥੂਨੰਗਲ ਟੋਲ ਪਲਾਜ਼ਾ ਹੋਵੇਗਾ ਬੰਦ, ਰਾਹਗੀਰ ਪਰੇਸ਼ਾਨ

By Pardeep Singh -- November 17th 2022 08:20 AM -- Updated: November 17th 2022 08:34 AM
ਕਿਸਾਨਾਂ ਦਾ ਧਰਨਾ ਜਾਰੀ, ਕੱਥੂਨੰਗਲ ਟੋਲ ਪਲਾਜ਼ਾ ਹੋਵੇਗਾ ਬੰਦ, ਰਾਹਗੀਰ ਪਰੇਸ਼ਾਨ

ਅੰਮ੍ਰਿਤਸਰ: ਕਿਸਾਨਾਂ ਦੀ ਜ਼ਮੀਨ ਐਕਵਾਇਰ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅੰਮ੍ਰਿਤਸਰ ਦੇ ਭੰਡਾਰੀ ਪੁਲ਼ ’ਤੇ ਅਣਮਿੱਥੇ ਸਮੇਂ ਲਈ ਧਰਨਾ ਦੇ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ। ਕਿਸਾਨ ਯੂਨੀਅਨ ਵੱਲੋਂ ਬੁੱਧਵਾਰ ਸਵੇਰੇ 12 ਵਜੇ ਦਿੱਤੇ ਧਰਨੇ ਕਾਰਨ ਸ਼ਾਮ 7 ਵਜੇ ਤੱਕ ਸ਼ਹਿਰ ਵਾਸੀ ਟ੍ਰੈਫਿਕ ਜਾਮ ਨਾਲ ਜੂਝਦੇ ਰਹੇ ਭਾਵੇਂ ਕਿ ਭੰਡਾਰੀ ਪੁਲ ਦੇ ਇਕ ਪਾਸੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਪਰ ਕਿਸਾਨਾਂ ਦੀਆਂ ਟਰਾਲੀਆਂ ਕਾਰਨ ਜਿੱਥੇ ਜਾਮ ਦੀ ਸਥਿਤੀ ਬਣੀ, ਉੱਥੇ ਹੀ ਪੁਲਿਸ ਵੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ। ਦੇਰ ਰਾਤ ਤੱਕ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਹੁਣ ਕਿਸਾਨ ਸਵੇਰੇ 11 ਵਜੇ ਅੰਮ੍ਰਿਤਸਰ ਕੱਥੂਨੰਗਲ ਟੋਲ ਪਲਾਜ਼ਾ ’ਤੇ ਪਹੁੰਚਣਗੇ ਅਤੇ ਫਰੰਟ ਭੰਡਾਰੀ ਪੁਲ ਤੋਂ ਟੋਲ ਪਲਾਜ਼ਾ ਵੱਲ ਸ਼ਿਫਟ ਹੋਵੇਗਾ। ਜਿਸ ਤੋਂ ਬਾਅਦ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਅਣਮਿੱਥੇ ਸਮੇਂ ਲਈ ਪ੍ਰਭਾਵਿਤ ਰਹੇਗਾ।

ਕਿਸਾਨਾਂ ਦੇ ਧਰਨੇ ਕਾਰਨ ਕਈ ਐਂਬੂਲੈਂਸਾਂ ਵੀ ਵਿਚਕਾਰ ਹੀ ਫਸ ਗਈਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਵੀ ਕਿਸਾਨਾਂ ਵੱਲੋਂ ਕਢਵਾਉਣ ਦੀ ਕੋਸ਼ਿਸ਼ ਕੀਤੀ ਗਈ।

ਕਿਸਾਨਾਂ ਦੀਆਂ ਮੁੱਖ ਮੰਗਾਂ ’ਭਾਰਤ ਮਾਲਾ’ ਪ੍ਰਾਜੈਕਟ ਤਹਿਤ ਹਾਈਵੇ ਵਿਚ ਆਉਣ ਵਾਲੀਆਂ ਜ਼ਮੀਨਾਂ ਦੇ ਗ਼ਲਤ ਮੁਆਵਜ਼ੇ ਲਈ ਸਬੰਧਤ ਅਧਿਕਾਰੀਆਂ ਨੂੰ ਮੁਅੱਤਲ ਕਰਨਾ, ਗੁਲਾਬੀ ਸੁੰਡੀ ਕੀੜੇ ਕਾਰਨ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣਾ, ਮਜੀਠਾ ’ਚ 3 ਸਾਲ ਪਹਿਲਾਂ ਬੀਜੀ ਝੋਨੇ ਦੀ ਫ਼ਸਲ ਦੀ ਗੜ੍ਹੇਮਾਰੀ ਕਾਰਨ ਹੋਏ ਨਕਸਾਨ ਲਈ ਮੁਆਵਜ਼ਾ ਦੇਣ,ਕਾਲੋਨੀ ਬਣਾਉਣ ਲਈ ਪਿੰਡ ਮੁਰਾਦਪੁਰ ਵਿਚ ਨਿਕਾਸੀ ਨਾਲਾ ਮੁਕੰਮਲ ਬੰਦ ਕਰਵਾਉਣ ਦਾ ਵਿਰੋਧ, ਦਿੱਲੀ ਸੰਘਰਸ਼ ਵਿੱਚ ਮਾਰੇ ਗਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ, ਪਰਾਲੀ ਸਾੜਣ ਸਬੰਧੀ ਦਰਜ ਕੀਤੇ ਕੇਸ ਰੱਦ ਕਰਨ, ਲਖੀਮਪੁਰ ’ਚ ਮੰਤਰੀ ਦੇ ਖ਼ਿਲਾਫ਼ ਕੋਈ ਐਕਸ਼ਨ ਨਾ ਲੈਣਾ ਆਦਿ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ।

ਟ੍ਰੈਫਿਕ ਦਾ ਬਦਲ 

ਜੇਕਰ ਕੋਈ ਅੰਮ੍ਰਿਤਸਰ ਤੋਂ ਪਠਾਨਕੋਟ ਜਾਂ ਪਠਾਨਕੋਟ ਤੋਂ ਅੰਮ੍ਰਿਤਸਰ ਆਉਣਾ ਚਾਹੁੰਦਾ ਹੈ ਤਾਂ ਸਵੇਰੇ 11 ਵਜੇ ਤੋਂ ਬਾਅਦ ਕੱਥੂਨੰਗਲ ਟੋਲ ਪਲਾਜ਼ਾ ਨੂੰ ਨਜ਼ਰਅੰਦਾਜ਼ ਕਰਨਾ ਸਮਝਦਾਰੀ ਹੋਵੇਗੀ। ਇਸ ਦੇ ਦੋ ਬਦਲ ਹਨ-

1. ਅੰਮ੍ਰਿਤਸਰ ਤੋਂ ਕੱਥੂਨੰਗਲ-ਬੋਪਾਰਾਏ ਰੋਡ ਰਾਹੀਂ ਅਤੇ ਉਥੋਂ ਭੋਏ ਪਿੰਡ ਰਾਹੀਂ ਮੁੜ ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਪਹੁੰਚਿਆ ਜਾ ਸਕਦਾ ਹੈ। ਇਹ ਰਸਤਾ ਥੋੜ੍ਹਾ ਖਰਾਬ ਹੈ, ਪਰ ਇਸ ਨੂੰ ਹੌਲੀ ਰਫ਼ਤਾਰ ਨਾਲ ਪਾਰ ਕੀਤਾ ਜਾ ਸਕਦਾ ਹੈ।


2. ਅੰਮ੍ਰਿਤਸਰ ਤੋਂ ਮਜੀਠਾ, ਫਿਰ ਥਰੀਆਵਾਲ ਤੋਂ ਤਲਵੰਡੀ ਖੁੰਮਣ ਪਹੁੰਚਿਆ ਜਾ ਸਕਦਾ ਹੈ। ਇੱਥੋਂ ਤੁਸੀਂ ਦੁਬਾਰਾ ਅੰਮ੍ਰਿਤਸਰ-ਪਠਾਨਕੋਟ ਪਹੁੰਚੋਗੇ ਅਤੇ ਟੋਲ ਪਿੱਛੇ ਰਹਿ ਜਾਵੇਗਾ। ਇਸ ਰਸਤੇ ਦਾ ਰਸਤਾ ਸਾਫ਼ ਹੈ।

- PTC NEWS

adv-img
  • Share