ਕਿਸਾਨ 5 ਜਨਵਰੀ ਨੂੰ ਸ਼ੇਖਪੁਰਾ ਟੋਲ ਪਲਾਜ਼ਾ ਕਰਨਗੇ ਫਰੀ
ਤਲਵੰਡੀ ਸਾਬੋ : ਅੱਜ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਵਿੱਚ ਮੀਟਿੰਗ ਕੀਤੀ।ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਵੱਲੋਂ ਕੀਤੀ ਗਈ।ਇਹ ਗੁਰਦੁਆਰਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈ।
ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਨੇ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ਤਹਿਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਚੱਲ ਰਹੇ ਲਗਾਤਾਰ ਕਿਸਾਨੀ ਸੰਘਰਸ਼ ਦੀ ਹਿਮਾਇਤ ਵਿੱਚ ਤਾਲਮੇਲ ਐਕਸ਼ਨ ਕਰਦਿਆਂ 5 ਜਨਵਰੀ ਨੂੰ 12 ਤੋਂ 3 ਵਜੇ ਤੱਕ ਜਥੇਬੰਦੀ ਵੱਲੋਂ ਸੂਬੇ ਭਰ ਦੇ ਟੋਲ ਪਲਾਜ਼ਾ ਫਰੀ ਕੀਤੇ ਜਾਣਗੇ। ਇਸੇ ਤਹਿਤ 5 ਜਨਵਰੀ ਨੂੰ ਬਲਾਕ ਤਲਵੰਡੀ ਸਾਬੋ ਤੇ ਬਲਾਕ ਮੌੜ ਕਮੇਟੀ ਵੱਲੋਂ ਸ਼ੇਖਪੁਰਾ ਪਿੰਡ ਦਾ ਟੋਲ ਪਲਾਜ਼ਾ 3 ਘੰਟੇ ਵਾਸਤੇ ਵਹੀਕਲਾਂ ਲਈ ਫਰੀ ਕੀਤਾ ਜਾਵੇਗਾ।
ਮੀਟਿੰਗ ਵਿੱਚ ਐਕਸ਼ਨ ਨੂੰ ਪੂਰੀ ਤਰ੍ਹਾਂ ਸਫ਼ਲ ਕਰਨ ਲਈ ਪਿੰਡਾਂ ਵਿੱਚ ਤਿਆਰੀਆਂ ਦੀ ਵਿਉਂਤਬੰਦੀ ਵੀ ਕੀਤੀ ਗਈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਸਾਰੀਆਂ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣ।
ਮੀਟਿੰਗ ਦੌਰਾਨ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਵਾਉਣ ਸਬੰਧੀ ਲੱਗੇ ਧਰਨੇ ਦੀ ਹਮਾਇਤ ਲਈ 3 ਤੇ 4 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡਾਂ ਵਿੱਚ ਪੁਤਲੇ ਫੂਕੇ ਜਾਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ। ਮੀਟਿੰਗ ਵਿੱਚ ਬਲਾਕ ਆਗੂ ਕਾਲਾ ਸਿੰਘ ਚੱਠੇ ਵਾਲਾ, ਬਿੰਦਰ ਸਿੰਘ ਜੋਗੇਵਾਲਾ, ਰਣਜੋਧ ਸਿੰਘ ਮਾਹੀ ਨੰਗਲ ਤੇ ਵੱਖ ਵੱਖ ਪਿੰਡ ਇਕਾਈਆਂ ਦੇ ਆਗੂ ਸ਼ਾਮਲ ਰਹੇ।
- PTC NEWS