Abohar Sanjay Verma murder case : ਅਬੋਹਰ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ 'ਚ ਪੁਲਿਸ ਨੇ 2 ਹੋਰ ਆਰੋਪੀਆਂ ਨੂੰ ਕੀਤਾ ਗ੍ਰਿਫ਼ਤਾਰ
Abohar Sanjay Verma murder case : ਅਬੋਹਰ ਵਿਚ ਕੱਪੜਾ ਵਪਾਰੀ ਸੰਜੇ ਵਰਮਾ ਕਤਲ ਕਾਂਡ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਦੋਵੇਂ ਨੌਜਵਾਨਾਂ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਅਜੇ ਤੱਕ ਇਸ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ ਕਿ ਇਸ ਕਤਲ ਕਾਂਡ ਮਾਮਲੇ ਵਿੱਚ ਇਹਨਾਂ ਦੋਵੇਂ ਨੌਜਵਾਨਾਂ ਦੀ ਵੀ ਸ਼ਮੂਲੀਅਤ ਹੈ।
ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤੇ ਗਏ ਇਹਨਾਂ ਨੌਜਵਾਨਾਂ ਦੀ ਇਸ ਕਤਲ ਕਾਂਡ 'ਚ ਕਿਸ ਤਰ੍ਹਾਂ ਦੀ ਸ਼ਮੂਲੀਅਤ ਹੈ ਜਾਂ ਫਿਰ ਸ਼ੂਟਰਾਂ ਨਾਲ ਕੀ ਸੰਬੰਧ ਹੈ ,ਇਸ ਬਾਰੇ ਪੁਲਿਸ ਨੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਜਿਸ ਤਰ੍ਹਾਂ ਪੁਲਿਸ ਵੱਲੋਂ ਪਹਿਲਾਂ ਬੀਕਾਨੇਰ ਤੋਂ ਗ੍ਰਿਫਤਾਰ ਕੀਤੇ ਤਿੰਨੇ ਨੌਜਵਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਜ਼ਿਲ੍ਹਾ ਪੁਲਿਸ ਕਪਤਾਨ ਗੁਰਮੀਤ ਸਿੰਘ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਚੰਡੀਗੜ੍ਹ ਹਾਈਕੋਰਟ ਆਇਆ ਹੋਇਆ ਹੈ ਤੇ ਇਸ ਸਬੰਧੀ ਮੈਨੂੰ ਜਾਣਕਾਰੀ ਨਹੀਂ ਹੈ।
ਦਰਅਸਲ 'ਚ ਇਸ ਤੋਂ ਪਹਿਲਾਂ ਪੁਲਿਸ ਨੇ ਰਾਜਸਥਾਨ ਦੇ ਬੀਕਾਨੇਰ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। AGTF, ਕਾਊਂਟਰ ਇੰਟੈਲੀਜੈਂਸ ਅਤੇ ਅਬੋਹਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ਸਫਲਤਾ ਹਾਸਲ ਕੀਤੀ ਗਈ ਸੀ। ਫਾਜ਼ਿਲਕਾ ਦੇ SSP ਗੁਰਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਨ੍ਹਾਂ ਉਤੇ ਸੰਜੇ ਵਰਮਾ ਕਤਲ ਕਾਂਡ ਦੇ ਸ਼ੂਟਰਾਂ ਨੂੰ ਪਨਾਹ ਦੇਣ ਦੇ ਆਰੋਪ ਹਨ। ਸ਼ੂਟਰਾਂ ਲਈ ਵਿਦੇਸ਼ ਤੋਂ ਪੈਸੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਖਾਤਿਆਂ ਵਿੱਚ ਆਏ ਸਨ।
ਦੱਸ ਦੇਈਏ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸ਼ਹਿਰ ਵਿੱਚ 7 ਜੁਲਾਈ ਨੂੰ ਇੱਕ ਸਨਸਨੀਖੇਜ਼ ਘਟਨਾ ਨੇ ਇਲਾਕੇ ਵਿੱਚ ਹਲਚਲ ਮਚਾ ਦਿੱਤੀ ਸੀ। ਸ਼ਹਿਰ ਦੀ ਮਸ਼ਹੂਰ ਕੁੜਤਾ-ਪਜਾਮੇ ਦੀ ਦੁਕਾਨ ‘ਵੀਅਰ ਵੈੱਲ’ ਦੇ ਮਾਲਕ ਸੰਜੇ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਜਿਵੇਂ ਹੀ ਉਹ ਆਪਣੇ ਸ਼ੋਅਰੂਮ ਨਿਊ ਵੇਅਰਵੈੱਲ ਦੇ ਬਾਹਰ ਆਪਣੀ ਕਾਰ ਤੋਂ ਉਤਰੇ ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਬਦਮਾਸ਼ ਭੱਜ ਗਏ।
ਦੂਜੇ ਪਾਸੇ ਜਿਵੇਂ ਹੀ ਦਿਨ-ਦਿਹਾੜੇ ਸੰਜੇ ਵਰਮਾ 'ਤੇ ਹਮਲੇ ਦੀ ਸੂਚਨਾ ਮਿਲੀ ਤਾਂ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਅਬੋਹਰ ਵਿੱਚ ਗੁੱਸੇ ਵਿੱਚ ਆਏ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਦਿੱਤਾ। ਵਪਾਰੀ ਆਰੋਪੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
ਇਸ ਘਟਨਾ ਦੀਆਂ ਦੋ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਹਨ। ਪਹਿਲੀ ਫੁਟੇਜ ਵਿੱਚ ਬਦਮਾਸ਼ ਕਤਲ ਤੋਂ ਪਹਿਲਾਂ ਸ਼ੋਅਰੂਮ ਦੇ ਨੇੜੇ ਇੱਕ ਗੱਡੀ ਦੇ ਪਿੱਛੇ ਲੁਕਦੇ ਹੋਏ ਪਿਸਤੌਲ ਲੋਡ ਕਰਦੇ ਦਿਖਾਈ ਦੇ ਰਹੇ ਹਨ। ਦੂਜੀ ਫੁਟੇਜ ਵਿੱਚ ਉਹ ਕਤਲ ਤੋਂ ਬਾਅਦ ਕੁਝ ਦੂਰੀ 'ਤੇ ਬਾਈਕ ਛੱਡ ਕੇ ਕਾਰ ਵਿੱਚ ਭੱਜਦੇ ਦਿਖਾਈ ਦੇ ਰਹੇ ਹਨ।
- PTC NEWS