ਗੁੱਜਰ ਗੈਂਗ ਦੇ ਦੋ ਮੈਂਬਰਾਂ ਸਮੇਤ ਚਾਰ ਕਾਬੂ
ਪਟਿਆਲਾ: ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਗੁੱਜਰ ਗੈਂਗ ਦੇ ਦੋ ਮੈਂਬਰਾਂ ਸਮੇਤ ਚਾਰ ਜਣਿਆ ਨੂੰ ਕਾਬੂ ਕੀਤਾ।ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਪਿਸਟਲ ਅਤੇ 8 ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਵਾਸੀ ਚਪਰਾੜ, ਗੁਰਿੰਦਰ ਸਿੰਘ ਉਰਫ ਗੁੰਦਰ ਵਾਸੀ ਪਸਿਆਣਾ, ਸ਼ਮਸ਼ਾਦ ਅਲੀ ਅਤੇ ਅਰਮਾਨ ਅਲੀ ਵਜੋਂ ਹੋਈ ਹੈ।
ਪੁਲਿਸ ਅਧਿਕਾਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਬਿੰਦਾ ਗੁੱਜਰ ਅਤੇ ਗੂੰਦਰ ਦੋਵੇਂ ਹੀ ਗੈਂਗਵਾਰ ਚ ਸ਼ਾਮਿਲ ਰਹੇ ਹਨ। ਗੁੱਜਰ ਅਤੇ ਖਰੌੜ ਗੈਂਗ ਵਿਚਕਾਰ ਹੋਏ ਖੂਨੀ ਝਗੜਿਆਂ ਵਿਚ ਹੀ ਸ਼ਮਸ਼ੇਰ ਸਿੰਘ ਤੇ ਸਰਪੰਚ ਤਾਰਾ ਦੱਤ ਦਾ ਕਤਲ ਹੋਇਆ ਸੀ। ਜੁਲਾਈ 2022 ਵਿੱਚ ਵੀ ਦੋਵਾਂ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਸੀ। 4 ਸਾਲ ਤੋਂ ਦੋਵੇਂ ਗੈਂਗ ਖ਼ਿਲਾਫ਼ ਦਰਜਨ ਦੇ ਕਰੀਬ ਅਪਰਾਧਕ ਮਾਮਲੇ ਦਰਜ ਹੋਏ ਹਨ। ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਬਿੰਦਾ ਗੁੱਜਰ ਤੇ ਗੂੰਦਰ ਨੂੰ ਪਿੰਡ ਲਚਕਾਣੀ ਦੇ ਅੱਡੇ ਕੋਲੋਂ ਦੋ ਪਿਸਟਲ 32 ਬੋਰ ਅਤੇ 02 ਦੋ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਿੰਦਾ ਗੁੱਜਰ ਖ਼ਿਲਾਫ਼ ਪਹਿਲਾਂ ਵੀ ਪਟਿਆਲਾ ਤੇ ਅੰਬਾਲਾ ਵਿਖੇ ਪਰਚੇ ਦਰਜ ਹਨ।
ਇਸ ਤੋਂ ਇਲਾਵਾ ਸੀਆਈਏ ਸਟਾਫ ਦੀ ਟੀਮ ਨੇ ਥਾਣਾ ਸਨੌਰ ਵਿਖੇ ਦਰਜ ਅਸਲ ਐਕਟ ਦੇ ਮਾਮਲੇ ਵਿਚ ਸ਼ਮਸ਼ਾਦ ਅਲੀ ਵਾਸੀ ਝਿੰਜਰਾ ਤੇ ਅਰਮਾਨ ਅਲੀ ਵਾਸੀ ਪਟਿਆਲਾ ਨੂੰ ਗ੍ਰਿਫ਼ਤਾਰ ਕਰਕੇ 02 ਪਿਸਟਲ 35 ਬੋਰ ਤੇ 06 ਰੌਂਦ ਬਰਾਮਦ ਕੀਤੇ ਹਨ।
ਰਿਪੋਰਟ- ਗਗਨਦੀਪ ਸਿੰਘ ਅਹੂਜਾ
- PTC NEWS