Georgia Incident : ਜਾਰਜੀਆ ਤੋਂ ਜਲੰਧਰ ਪਹੁੰਚੀ ਰਵਿੰਦਰ ਦੀ ਮ੍ਰਿਤਕ ਦੇਹ, 8 ਸਾਲ ਤੋਂ ਪੁੱਤ ਨੂੰ ਨਹੀਂ ਮਿਲਿਆ ਸੀ ਮ੍ਰਿਤਕ
11 Punjabi Died in Georgia : ਯੂਰਪ ਦੇ ਜਾਰਜੀਆ ਦੇਸ਼ ਦੇ ਇੱਕ ਪਹਾੜੀ ਰਿਜ਼ੋਰਟ 'ਚ ਮਾਰੇ ਗਏ ਪੰਜਾਬੀਆਂ ਦੀਆਂ ਮ੍ਰਿਤਕਾਂ ਦੇਹਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਮਰਨ ਵਾਲਿਆਂ ਵਿੱਚ ਜਲੰਧਰ ਦੇ ਇੱਕ ਵਿਅਕਤੀ ਸਮੇਤ 11 ਪੰਜਾਬੀ ਸ਼ਾਮਲ ਹਨ। ਸ਼ਨੀਵਾਰ ਜਲੰਧਰ ਦੇ ਲੱਧੇਵਾਲੀ ਫਲਾਈਓਵਰ ਦੇ ਨਾਲ ਲੱਗਦੇ ਕੋਟ ਰਾਮਦਾਸ ਦੇ ਰਹਿਣ ਵਾਲੇ ਰਵਿੰਦਰ ਦੀ ਮ੍ਰਿਤਕ ਦੇਹ ਜਲੰਧਰ ਪਹੁੰਚੀ।
ਪੁੱਤ ਨੇ 7 ਸਾਲ 'ਚ ਪਹਿਲੀ ਵਾਰ ਵੇਖਿਆ ਪਿਤਾ ਦਾ ਚਿਹਰਾ
ਰਵਿੰਦਰ ਦੀ ਮ੍ਰਿਤਕ ਦੇਹ ਜਿਵੇਂ ਹੀ ਜਲੰਧਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚੋਂ ਅੱਥਰੂ ਨਿਕਲ ਆਏ ਅਤੇ ਸੰਨਾਟਾ ਚੀਕਾਂ 'ਚ ਬਦਲ ਗਿਆ। ਉਥੇ ਹੀ ਰਵਿੰਦਰ ਦੇ ਮਾਸੂਮ ਪੁੱਤ ਨੇ ਪਹਿਲੀ ਵਾਰ ਆਪਣੇ ਪਿਤਾ ਦਾ ਚਿਹਰਾ ਵੇਖਿਆ ਤਾਂ ਉਹ ਵੀ ਇਸ ਹਾਲਤ ਵਿੱਚ ਵੇਖਿਆ। ਰਵਿੰਦਰ ਦੀ ਪਤਨੀ ਕੰਚਨ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ ਅਤੇ ਜਿਸ ਮੁੰਡੇ ਦੀ ਜ਼ਿੰਦਗੀ ਵਧੀਆ ਬਣਾਉਣ ਖਾਤਰ 8 ਸਾਲ ਤੋਂ ਰਵਿੰਦਰ ਵਿਦੇਸ਼ ਗਿਆ ਸੀ, ਉਸ ਨੂੰ ਮਿਲਣਾ ਵੀ ਨਸੀਬ ਨਹੀਂ ਹੋਇਆ। ਰਵਿੰਦਰ ਨੇ ਆਪਣੇ ਪੁੱਤ ਨੂੰ ਸਿਰਫ਼ ਫੋਨ 'ਤੇ ਵੀਡੀਓ ਕਾਲ ਰਾਹੀਂ ਹੀ ਦੇਖਿਆ ਸੀ।
ਹੁਣ ਤੱਕ ਕਿੰਨੀਆਂ ਦੇਹਾਂ ਭਾਰਤ ਪਹੁੰਚੀਆਂ ?
ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਅਮਰਜੋਤ ਸਿੰਘ ਨੇ ਦੱਸਿਆ ਕਿ ਵਿਦੇਸ਼ਾਂ ਤੋਂ 11 ਮ੍ਰਿਤਕ ਦੇਹਾਂ ਪੰਜਾਬ ਪੁੱਜੀਆਂ ਹਨ। ਪਹਿਲਾਂ 4 ਲਾਸ਼ਾਂ ਆਈਆਂ ਸਨ, 2 ਦਿਨਾਂ ਬਾਅਦ ਫਿਰ 4 ਲਾਸ਼ਾਂ ਪੰਜਾਬ ਲਿਆਂਦੀਆਂ ਗਈਆਂ ਅਤੇ ਕੱਲ੍ਹ 3 ਲਾਸ਼ਾਂ ਪੰਜਾਬ ਲਿਆਂਦੀਆਂ ਗਈਆਂ। ਅੱਜ ਜਲੰਧਰ ਵਿੱਚ ਰਵਿੰਦਰ ਦਾ ਅੰਤਿਮ ਸੰਸਕਾਰ ਹੰਝੂਆਂ ਭਰੀਆਂ ਅੱਖਾਂ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਡਾ.ਐਸ.ਪੀ.ਸਿੰਘ ਓਬਰਾਏ ਨੇ ਟਰੱਸਟ ਦੇ ਮੈਂਬਰਾਂ ਨੂੰ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮਿਲ ਕੇ ਮਾਮਲੇ ਦੀ ਜਾਣਕਾਰੀ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਜੋ ਵੀ ਸਹਾਇਤਾ ਮਿਲੇਗੀ ਉਹ ਦਿੱਤੀ ਜਾਵੇਗੀ।
ਪਰਿਵਾਰ ਨੇ ਸਰਕਾਰ ਨੂੰ ਸਹਾਇਤਾ ਦੀ ਲਗਾਈ ਗੁਹਾਰ
ਮ੍ਰਿਤਕ ਰਵਿੰਦਰ ਦੀ ਪਤਨੀ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਕੰਚਨ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਗੁਜ਼ਾਰਾ ਕਰਨ ਲਈ ਪੈਸੇ ਭੇਜਦਾ ਸੀ। ਉਸ ਨੇ ਕਿਹਾ ਕਿ ਉਸ ਕੋਲ ਰਹਿਣ ਲਈ ਆਪਣਾ ਘਰ ਵੀ ਨਹੀਂ ਹੈ, ਇਸ ਲਈ ਪਤੀ ਦੇ ਜਾਣ ਤੋਂ ਬਾਅਦ ਹਾਲਾਤ ਬਹੁਤ ਖਰਾਬ ਹੋ ਗਏ ਹਨ। ਕੰਚਨ ਨੇ ਦੱਸਿਆ ਕਿ ਰਵਿੰਦਰ ਦੀ ਅਰਮਾਨ ਨਾਲ ਵੀਡੀਓ ਕਾਲ 'ਤੇ ਗੱਲ ਹੋਏ ਨੂੰ 7 ਸਾਲ ਹੋ ਗਏ ਹਨ ਪਰ ਉਸ ਨੇ ਅਰਮਾਨ ਨੂੰ ਕਦੇ ਨਹੀਂ ਦੇਖਿਆ। ਤਿੰਨੋਂ ਬੱਚੇ ਰਾਮਾ ਮੰਡੀ ਦੇ ਕੇ.ਵੀ.ਸਕੂਲ ਵਿੱਚ ਪੜ੍ਹਦੇ ਹਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨੌਕਰੀ ਵੀ ਦੇਵੇ, ਤਾਂ ਜੋ ਉਹ ਖੁਦ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ।
- PTC NEWS