Amritsar : ਅੰਮ੍ਰਿਤਸਰ 'ਚ ਵੱਡਾ ਹਾਦਸਾ, ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਜੀ 'ਚ ਡਿੱਗਿਆ ਲੈਂਟਰ, 2 ਸ਼ਰਧਾਲੂ ਬੀਬੀਆਂ ਦੀ ਮੌਤ
Amritsar : ਅੰਮ੍ਰਿਤਸਰ 'ਚ ਵੱਡਾ ਹਾਦਸਾ ਵਾਪਰਿਆ ਹੈ। ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ 'ਚ ਉਸਾਰੀ ਅਧੀਨ ਗੁਰਦੁਆਰਾ ਸਾਹਿਬ ਦਾ ਲੈਂਟਰ ਡਿੱਗਣ ਕਾਰਨ 2 ਸ਼ਰਧਾਲੂ ਬੀਬੀਆਂ ਦੀ ਮੌਤ ਹੋ ਗਈ ਹੈ, ਜਦਕਿ 3 ਬੀਬੀਆਂ ਜ਼ਖ਼ਮੀ ਹੋ ਗਈਆਂ। ਤਿੰਨੇ ਜ਼ਖ਼ਮੀ ਬੀਬੀਆਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। (Gurdwara Saheed Ganj Baba Deep Singh Ji)
ਜਾਣਕਾਰੀ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂਦੁਆਰਾ ਸ਼ਹੀਦਾਂ ਸਾਹਿਬ ਵਿਖੇ ਬਹੁ-ਮੰਜਿਲਾ ਪਾਰਕਿੰਗ ਅਤੇ ਲੰਗਰ ਹਾਲ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਦੀ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ। ਅੱਜ ਇਸ ਉਸਾਰੀ ਅਧੀਨ ਲੰਗਰ ਹਾਲ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਬੀਬੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਸਨ। ਇਸ ਦੌਰਾਨ ਅਚਾਨਕ ਲੰਗਰ ਹਾਲ ਦੇ ਲੈਂਟਰ ਦੀਆਂ ਲੋਹੇ ਦੀਆਂ ਪਲੇਟਾਂ ਟੁੱਟ ਕੇ ਡਿੱਗ ਗਈਆਂ। ਇਸ ਦੌਰਾਨ ਸੇਵਾ ਕਰ ਰਹੀਆਂ ਬੀਬੀਆਂ ਵਿੱਚੋਂ ਦੋ ਦੀ ਮਲ੍ਹਬੇ ਹੇਠ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3 ਬੀਬੀਆਂ ਦੇ ਜਖ਼਼ਮੀ ਹੋਣ ਦੀ ਖ਼ਬਰ ਹੈ।
'ਅਚਾਨਕ ਉਚੀ ਆਵਾਜ਼ ਸੁਣਾਈ ਦਿੱਤੀ, ਪਰ ਜਦੋਂ ਅਸੀਂ ਪਹੁੰਚੇ...'
ਮੌਕੇ 'ਤੇ ਇੱਕ ਸ਼ਰਧਾਲੂ ਨੇ ਦੱਸਦਿਆ ਕਿ ਇੱਥੇ ਹਰ ਐਤਵਾਰ ਨੂੰ 'ਜਪਜੀ ਸਾਹਿਬ' ਦਾ ਪਾਠ ਹੁੰਦਾ ਹੈ, ਜਿਸ ਵਿੱਚ ਹਰ ਕੋਈ ਸਵੈ-ਇੱਛਾ ਨਾਲ ਸੇਵਾ ਵਿੱਚ ਹਿੱਸਾ ਲੈਂਦਾ ਹੈ। ਉਸਨੇ ਦੱਸਿਆ ਕਿ ਅੱਜ ਅਚਾਨਕ ਇੱਕ ਉੱਚੀ ਆਵਾਜ਼ ਸੁਣਾਈ ਦਿੱਤੀ, ਜਦੋਂ ਅਸੀਂ ਘਟਨਾ ਸਥਾਨ 'ਤੇ ਪਹੁੰਚੇ, ਤਾਂ ਸਾਨੂੰ ਪਤਾ ਲੱਗਾ ਕਿ ਲਗਭਗ 8 ਤੋਂ 9 ਔਰਤਾਂ ਲੋਹੇ ਦੀਆਂ ਸ਼ਟਰਿੰਗ ਪਲੇਟਾਂ ਹੇਠ ਫਸੀਆਂ ਹੋਈਆਂ ਸਨ। ਇਸ ਤੋਂ ਬਾਅਦ, ਸੰਗਤ ਦੀ ਸਹਾਇਤਾ ਨਾਲ, ਸਾਰੇ ਜ਼ਖਮੀ ਵਿਅਕਤੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ, ਉਦੋਂ ਤੱਕ, ਦੋ ਔਰਤਾਂ ਦੀ ਮੌਤ ਹੋ ਚੁੱਕੀ ਸੀ।
ਅੰਮ੍ਰਿਤਸਰ ਦੀ ਐਸਪੀ ਅਮਨਦੀਪ ਕੌਰ ਨੇ ਘਟਨਾ ਦਾ ਪਤਾ ਲੱਗਣ 'ਤੇ ਜਖ਼਼ਮੀਆਂ ਦਾ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਸਾਰੀਆਂ ਜ਼ਖਮੀ ਔਰਤਾਂ ਦਾ ਇਸ ਸਮੇਂ ਡਾਕਟਰੀ ਇਲਾਜ ਕੀਤਾ ਜਾ ਰਿਹਾ ਹੈ। ਸਾਰੇ ਡਾਕਟਰ ਹਸਪਤਾਲ ਦੇ ਅੰਦਰ ਮੌਜੂਦ ਹਨ।
- PTC NEWS