Gurdaspur News : ਪੰਚਾਇਤੀ ਚੋਣਾਂ ’ਚ ਸੱਸ ਨੂੰਹ ਵਿਚਾਲੇ ਹੋਇਆ ਮੁਕਾਬਲਾ ; ਨੂੰਹ ਨੂੰ 14 ਵੋਟਾਂ ਨਾਲ ਹਰਾ ਕੇ ਪੰਚਣੀ ਬਣੀ ਸੱਸ
Gurdaspur News : ਪੰਜਾਬ ਦੀਆਂ ਪੰਚਾਇਤੀ ਚੋਣਾਂ ਦੌਰਾਨ ਵੱਖ ਵੱਖ ਰੰਗ ਦੇਖਣ ਨੂੰ ਮਿਲੇ। ਇਸ ਦੌਰਾਨ ਜਿੱਥੇ ਇੱਕ ਪਾਸੇ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਉੱਥੇ ਹੀ ਦੂਜੇ ਪਾਸੇ ਕਈ ਥਾਵਾਂ ’ਤੇ ਘੱਟ ਉਮਰ ਦੇ ਨੌਜਵਾਨ ਵੀ ਸਰਪੰਚ ਬਣੇ। ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਦੌਰਾਨ ਜਿੱਥੇ ਕਰੀਬੀ ਰਿਸ਼ਤੇਦਾਰਾਂ ਨੇ ਇੱਕ ਦੂਜੇ ਖਿਲਾਫ ਚੋਣ ਲੜੀ ਉਥੇ ਹੀ ਇੱਕ ਸੱਸ ਨੂੰਹ ਦਾ ਮੁਕਾਬਲਾ ਵੀ ਹੋਇਆ।
ਦੱਸ ਦਈਏ ਕਿ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਦੇ ਨਜ਼ਦੀਕੀ ਪਿੰਡ ਪੀਰ ਦੀ ਸੈਨ ਦੀ ਮੈਂਬਰੀ ਚੋਣ ਦੌਰਾਨ ਸੱਸ ਨੂੰਹ ਦਾ ਗਹਿ ਗੱਚ ਕੇ ਮੁਕਾਬਲਾ ਹੋਇਆ ਪਰ ਇਸ ਦਿਲਚਸਪ ਮੁਕਾਬਲੇ ਵਿੱਚ ਸੱਸ ਬਾਜੀ ਮਾਰ ਗਈ ਅਤੇ 14 ਵੋਟਾਂ ਦੇ ਨਾਲ ਸੱਸ ਨੇ ਨੂੰਹ ਨੂੰ ਹਰਾ ਦਿੱਤਾ।
ਗੱਲਬਾਤ ਦੌਰਾਨ ਰਿਟਾਇਰਡ ਅਧਿਆਪਕਾਂ ਤੇ ਮੌਜੂਦਾ ਮੈਂਬਰ ਪੰਚਾਇਤ ਬਣੀ ਜਸਵਿੰਦਰ ਕੌਰ ਨੇ ਕਿਹਾ ਕਿ ਬੇਸ਼ੱਕ ਉਨਾਂ ਦਾ ਆਪਣੀ ਨੂੰਹ ਦੇ ਨਾਲ ਹੀ ਪੰਚਾਇਤ ਮੈਂਬਰੀ ਨੂੰ ਲੈ ਕੇ ਸਖ਼ਤ ਮੁਕਾਬਲਾ ਹੋਇਆ ਹੈ ਪਰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਉਨ੍ਹਾਂ ਦੀ ਨੂੰਹ ਨੇ ਹੀ ਉਹਨਾਂ ਨੂੰ ਸਭ ਤੋਂ ਪਹਿਲਾਂ ਵਧਾਈ ਦਿੱਤੀ ਹੈ।
ਜਸਵਿੰਦਰ ਕੌਰ ਨੇ ਕਿਹਾ ਕਿ ਚੋਣਾਂ ਦੇ ਪ੍ਰਚਾਰ ਦੌਰਾਨ ਜੋ ਕੁਝ ਹੋਇਆ ਉਹ ਇੱਕ ਅਲੱਗ ਗੱਲ ਹੈ ਪਰ ਹੁਣ ਉਹਨਾਂ ਦੇ ਆਪਸ ਵਿੱਚ ਸਬੰਧ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੇ। ਚੋਣ ਦੇ ਮੁਕਾਬਲੇ ਨਾਲ ਆਪਸੀ ਸੰਬੰਧਾਂ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ।
- PTC NEWS