MEA on Trumps ceasefire and trade - ਭਾਰਤ ਨੇ ਟਰੰਪ ਦੇ ਸਾਰੇ ਦਾਅਵੇ ਦਿੱਤੇ 'ਝੂਠੇ' ਕਰਾਰ, ਪਾਕਿਸਤਾਨ ਨੂੰ ਦੋ-ਟੁੱਕ, POK ਨੂੰ ਖਾਲੀ ਕਰੇ...
India rejects US Presidents war and trade claims - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਭਾਰਤ-ਪਾਕਿਸਤਾਨ ਜੰਗਬੰਦੀ ਅਤੇ ਵਪਾਰ 'ਤੇ ਇੱਕ ਤੋਂ ਬਾਅਦ ਇੱਕ ਦਾਅਵੇ ਕੀਤੇ। ਟਰੰਪ ਨੇ ਇੱਥੋਂ ਤੱਕ ਕਿਹਾ ਸੀ ਕਿ ਪਾਕਿਸਤਾਨ ਪ੍ਰਮਾਣੂ ਹਮਲਾ (Nuclear attack) ਕਰਨ ਵਾਲਾ ਸੀ। ਮੈਂ ਭਾਰਤ ਨੂੰ ਇਸ ਬਾਰੇ ਦੱਸਿਆ ਅਤੇ ਫਿਰ ਜੰਗਬੰਦੀ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਦਾਅਵਾ ਕੀਤਾ ਸੀ ਕਿ, ਅਸੀਂ ਭਾਰਤ ਅਤੇ ਪਾਕਿਸਤਾਨ ਨੂੰ ਕਿਹਾ ਸੀ ਕਿ ਜੇਕਰ ਜੰਗ ਨਹੀਂ ਰੁਕੀ ਤਾਂ ਅਸੀਂ ਵਪਾਰ ਨਹੀਂ ਕਰਾਂਗੇ। ਇਸਤੋਂ ਇਲਾਵਾ, ਕਸ਼ਮੀਰ 'ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ (India and Pakistan Conflict) ਵਿੱਚ ਵਿਚੋਲਗੀ ਲਈ ਤਿਆਰ ਹੋਣ ਦਾ ਦਾਅਵਾ ਵੀ ਕੀਤਾ ਸੀ। ਪਰ ਅੱਜ ਭਾਰਤ ਨੇ ਟਰੰਪ ਦੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਕੋਰਾ ਝੂਠਾ ਕਰਾਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਨੇਤਾਵਾਂ ਨਾਲ ਕਸ਼ਮੀਰ ਜਾਂ ਵਪਾਰ 'ਤੇ ਕੋਈ ਚਰਚਾ ਨਹੀਂ ਹੋਈ। ਭਾਰਤ, ਪ੍ਰਮਾਣੂ ਬਲੈਕਮੇਲਿੰਗ ਬਰਦਾਸ਼ਤ ਨਹੀਂ ਕਰੇਗਾ।
ਭਾਰਤ ਦਾ ਸੁਨੇਹਾ ਬਹੁਤ ਸਪੱਸ਼ਟ : ਵਿਦੇਸ਼ ਮੰਤਰਾਲਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ਜਦੋਂ ਅਸੀਂ ਦੁਨੀਆ ਦੇ ਹੋਰ ਦੇਸ਼ਾਂ ਨਾਲ ਗੱਲ ਕਰ ਰਹੇ ਸੀ, ਤਾਂ ਭਾਰਤ ਦਾ ਸੁਨੇਹਾ ਬਹੁਤ ਸਪੱਸ਼ਟ ਸੀ। ਅਸੀਂ ਜਨਤਕ ਤੌਰ 'ਤੇ ਜੋ ਵੀ ਕਹਿ ਰਹੇ ਸੀ, ਉਹੀ ਗੱਲ ਦੁਨੀਆ ਦੇ ਕਿਸੇ ਵੀ ਨੇਤਾ ਨਾਲ ਨਿੱਜੀ ਗੱਲਬਾਤ ਵਿੱਚ ਵੀ ਸੀ। ਅਸੀਂ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਜੇਕਰ ਪਾਕਿਸਤਾਨੀ ਫੌਜ ਗੋਲੀਬਾਰੀ ਕਰਦੀ ਹੈ ਤਾਂ ਭਾਰਤੀ ਫੌਜ ਵੀ ਜਵਾਬੀ ਕਾਰਵਾਈ ਕਰੇਗੀ। ਜੇ ਪਾਕਿਸਤਾਨ ਰੁਕਦਾ ਹੈ, ਤਾਂ ਭਾਰਤ ਵੀ ਰੁਕ ਜਾਵੇਗਾ। ਆਪ੍ਰੇਸ਼ਨ ਸਿੰਦੂਰ ਦੀ ਸ਼ੁਰੂਆਤ ਸਮੇਂ ਪਾਕਿਸਤਾਨ ਨੂੰ ਵੀ ਇਹੀ ਸੁਨੇਹਾ ਦਿੱਤਾ ਗਿਆ ਸੀ, ਜਿਸ ਵੱਲ ਪਾਕਿਸਤਾਨ ਨੇ ਉਸ ਸਮੇਂ ਧਿਆਨ ਨਹੀਂ ਦਿੱਤਾ। ਕੁਦਰਤੀ ਤੌਰ 'ਤੇ, ਬਹੁਤ ਸਾਰੇ ਵਿਦੇਸ਼ੀ ਨੇਤਾਵਾਂ ਨੇ ਸਾਡੇ ਤੋਂ ਇਹ ਸੁਣਿਆ ਹੋਵੇਗਾ ਅਤੇ ਆਪਣੇ ਪਾਕਿਸਤਾਨੀ ਸਾਥੀਆਂ ਨੂੰ ਵੀ ਇਸ ਬਾਰੇ ਦੱਸਿਆ ਹੋਵੇਗਾ।
''ਕਸ਼ਮੀਰ 'ਤੇ ਕਿਸੇ ਵੀ ਤੀਜੇ ਦੇਸ਼ ਦੀ ਦਖਲਅੰਦਾਜ਼ੀ ਸਵੀਕਾਰ ਨਹੀਂ ਹੈ''
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ਜਿੱਥੋਂ ਤੱਕ ਕਸ਼ਮੀਰ ਦਾ ਸਵਾਲ ਹੈ। ਇਹ ਸਾਡਾ ਲੰਬੇ ਸਮੇਂ ਤੋਂ ਸਟੈਂਡ ਰਿਹਾ ਹੈ ਕਿ ਭਾਰਤੀ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਨਾਲ ਸਬੰਧਤ ਕੋਈ ਵੀ ਮੁੱਦਾ ਭਾਰਤ ਅਤੇ ਪਾਕਿਸਤਾਨ ਵੱਲੋਂ ਸਾਂਝੇ ਤੌਰ 'ਤੇ ਹੱਲ ਕੀਤਾ ਜਾਵੇਗਾ। ਅਸੀਂ ਇਸ ਨੀਤੀ ਨੂੰ ਨਹੀਂ ਬਦਲਿਆ ਹੈ। ਇਸ ਵਿੱਚ ਕਿਸੇ ਵੀ ਤੀਜੇ ਦੇਸ਼ ਦਾ ਦਖਲ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ। ਹੁਣ, ਜੇਕਰ ਕੋਈ ਗੱਲਬਾਤ ਕਰਨੀ ਹੈ, ਤਾਂ ਉਹ ਸਿਰਫ਼ ਪੀਓਕੇ 'ਤੇ ਹੋਣੀ ਚਾਹੀਦੀ ਹੈ, ਜੋ ਕਿ ਪਾਕਿਸਤਾਨ ਦੇ ਕਬਜ਼ੇ ਹੇਠ ਹੈ। ਹੁਣ ਇਹੀ ਇੱਕੋ ਇੱਕ ਮੁੱਦਾ ਬਚਿਆ ਹੈ। ਪਾਕਿਸਤਾਨ ਨੂੰ ਪੀਓਕੇ ਖਾਲੀ ਕਰਨਾ ਪਵੇਗਾ।
ਟਰੰਪ ਅਤੇ ਵਪਾਰ ਬਾਰੇ
ਟਰੰਪ ਨੇ ਕਿਹਾ ਸੀ ਕਿ ਅਸੀਂ ਵਪਾਰ ਦਾ ਹਵਾਲਾ ਦਿੰਦੇ ਹੋਏ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਿਆਂਦੀ ਸੀ, ਪਰ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ। ਰਣਧੀਰ ਜੈਸਵਾਲ ਨੇ ਕਿਹਾ, 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਦੀ ਸ਼ੁਰੂਆਤ ਤੋਂ ਲੈ ਕੇ 10 ਮਈ ਨੂੰ ਗੋਲੀਬਾਰੀ ਅਤੇ ਫੌਜੀ ਕਾਰਵਾਈ ਰੋਕਣ ਦੇ ਸਮਝੌਤੇ ਤੱਕ, ਭਾਰਤੀ ਅਤੇ ਅਮਰੀਕੀ ਨੇਤਾਵਾਂ ਵਿਚਕਾਰ ਇੱਕੋ ਇੱਕ ਚਰਚਾ ਫੌਜੀ ਕਾਰਵਾਈ 'ਤੇ ਸੀ। ਕਿਸੇ ਵੀ ਗੱਲਬਾਤ ਵਿੱਚ ਵਪਾਰ ਦਾ ਮੁੱਦਾ ਨਹੀਂ ਉਠਾਇਆ ਗਿਆ।
ਪ੍ਰਮਾਣੂ ਯੁੱਧ ਬਾਰੇ ਕਿਆਸਅਰਾਈਆਂ 'ਤੇ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਦੀ ਫੌਜੀ ਕਾਰਵਾਈ ਰਵਾਇਤੀ ਸੀ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੀ ਨੈਸ਼ਨਲ ਕਮਾਂਡ ਅਥਾਰਟੀ 10 ਮਈ ਨੂੰ ਮੀਟਿੰਗ ਕਰੇਗੀ। ਪਰ ਬਾਅਦ ਵਿੱਚ ਉਸਨੇ ਇਸ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਖੁਦ ਇਸ ਗੱਲ ਤੋਂ ਇਨਕਾਰ ਕੀਤਾ ਕਿ ਪ੍ਰਮਾਣੂ ਹਥਿਆਰਾਂ ਬਾਰੇ ਕੋਈ ਮੀਟਿੰਗ ਹੋਈ ਹੈ। ਸਾਡਾ ਸਟੈਂਡ ਸਪੱਸ਼ਟ ਹੈ ਕਿ ਅਸੀਂ ਪ੍ਰਮਾਣੂ ਬਲੈਕਮੇਲ ਅੱਗੇ ਝੁਕਣ ਵਾਲੇ ਨਹੀਂ ਹਾਂ। ਅਸੀਂ ਇਸ ਦੇ ਨਾਮ 'ਤੇ ਕਿਸੇ ਵੀ ਅੱਤਵਾਦੀ ਕੇਂਦਰ ਨੂੰ ਚਲਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਦੁਨੀਆ ਭਰ ਦੇ ਦੇਸ਼ਾਂ ਨਾਲ ਆਪਣੀ ਗੱਲਬਾਤ ਵਿੱਚ ਵੀ ਇਹ ਸਪੱਸ਼ਟ ਕੀਤਾ ਹੈ।
- PTC NEWS