Jalandhar News : ਪੈਟਰੋਲ ਪੰਪ ਮਾਲਕ ਤੋਂ ਫਿਰੌਤੀ ਮੰਗਣ ਵਾਲੇ ਗਿਰੋਹ ਦੇ 8 ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Jalandhar News : ਜਲੰਧਰ ਦਿਹਾਤੀ ਪੁਲਿਸ ਨੇ ਫਿਰੌਤੀ ਮੰਗਣ ਅਤੇ ਗੋਲੀਕਰਨ ਦੇ ਮਾਮਲੇ ਵਿੱਚ ਬਾਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਇੱਕ ਮੁਲਜ਼ਮ ਜ਼ਖਮੀ ਹੋ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ 5 ਕੇਸ ਟਰੇਸ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਸੀਆਈਏ ਟੀਮ ਨੇ ਗੁਰਚਰਨ ਸਿੰਘ ਉਰਫ਼ ਲਾਲੀ ਵਾਸੀ ਥਾਣਾ ਲੋਹੀਆਂ ਖ਼ਿਲਾਫ਼ ਐਚਪੀ ਪੈਟਰੋਲ ਪੰਪ ਦੇ ਮਾਲਕ ਨੂੰ ਫਿਰੌਤੀ ਮੰਗਣ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਦੇਣ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗਿਰੋਹ ਦਾ ਮੁੱਖ ਮੁਲਜ਼ਮ ਅਮਰੀਕਾ ਅਤੇ ਇੰਗਲੈਂਡ ਵਿੱਚ ਬੈਠੇ ਇੱਕ ਮਸ਼ਹੂਰ ਗਿਰੋਹ ਦੇ ਮੁਖੀ ਦਾ ਨਾਮ ਲੈ ਕੇ ਫੋਨ ਰਾਹੀਂ ਲੋਹੀਆਂ ਇਲਾਕੇ ਦੇ ਵੱਖ-ਵੱਖ ਕਾਰੋਬਾਰੀਆਂ ਨੂੰ ਧਮਕੀਆਂ ਦਿੰਦਾ ਸੀ ਅਤੇ ਵੱਡੀ ਫਿਰੌਤੀ ਮੰਗਦਾ ਸੀ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੇਸੀ ਪਿਸਤੌਲ, ਰੋਟਰ, ਬਿਨਾਂ ਨੰਬਰ ਵਾਲਾ ਪਲਸਰ ਮੋਟਰਸਾਈਕਲ ਅਤੇ ਫ਼ੋਨ ਬਰਾਮਦ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਅਨਮੋਲਪ੍ਰੀਤ ਸਿੰਘ ਉਰਫ਼ ਮੇਲਾ ਪੁੱਤਰ ਨਿਸਾਨ ਸਿੰਘ ਵਾਸੀ ਚੱਕ ਯੂਸਫ਼ਰਪੁਰ, ਜ਼ਿਲ੍ਹਾ ਜਲੰਧਰ, ਨਵਦੀਪ ਸਿੰਘ ਉਰਫ਼ ਸੋਨਾ ਪੁੱਤਰ ਤਰਸੇਮ ਸਿੰਘ ਉਰਫ਼ ਬਿੱਟੂ ਵਾਸੀ ਹੰਸਾਵਾਲਾ ਥਾਣਾ ਗੋਇੰਦਵਾਲਾ, ਜ਼ਿਲ੍ਹਾ ਤਰਨਤਾਰਨ, ਸੁਰਿੰਦਰਪਾਲ ਸਿੰਘ ਉਰਫ਼ ਸਿੱਧ ਪੁੱਤਰ ਅਮਰਜੀਤ ਸਿੰਘ ਵਾਸੀ ਪੂਨੀਆ ਥਾਣਾ ਸ਼ਾਹਕੋਟ, ਅਮਿਤ ਸਿੰਘ ਉਰਫ਼ ਅਮਨ ਪੁੱਤਰ ਨਿਰਮਲ ਸਿੰਘ ਵਾਸੀ ਕੰਗਨਾ ਥਾਣਾ ਸ਼ਾਹਕੋਟ, ਮਨਪ੍ਰੀਤ ਸਿੰਘ ਉਰਫ਼ ਨਾਨਾ ਪੁੱਤਰ ਗੁਰਮੀਤ ਸਿੰਘ ਵਾਸੀ ਪੂਨੀਆ ਥਾਣਾ ਸ਼ਾਹਕੋਟ ਅਤੇ ਜਸਪ੍ਰੀਤ ਸਿੰਘ ਉਰਫ਼ ਜਸਨ ਪੁੱਤਰ ਜਗਤਾਰ ਸਿੰਘ ਵਾਸੀ ਫਤਿਹਪੁਰ ਭਗਵਾਨ ਥਾਣਾ ਫਤਿਹਪੁਰ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਵਿੱਚੋਂ 6 ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ 2 ਮੁਲਜ਼ਮਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ।
- PTC NEWS