Jalandhar News : ਤਿਉਹਾਰਾਂ ‘ਚ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, 2.5 ਕਿਲੋ RDX ਸਣੇ 2 ਆਰੋਪੀ ਗ੍ਰਿਫ਼ਤਾਰ
Jalandhar News : ਜਲੰਧਰ ਵਿੱਚ ਪੁਲਿਸ ਨੇ ਢਾਈ ਕਿਲੋਗ੍ਰਾਮ ਆਰਡੀਐਕਸ ਫੜਿਆ ਹੈ। ਉਨ੍ਹਾਂ ਨੇ ਦੋ ਆਰੋਪੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਗੁਰਜਿੰਦਰ ਸਿੰਘ ਅਤੇ ਦੀਵਾਨ ਸਿੰਘ ਵਜੋਂ ਹੋਈ ਹੈ। ਕਾਊਂਟਰ ਇੰਟੈਲੀਜੈਂਸ ਨੇ ਇੱਕ ਰਿਮੋਟ ਵੀ ਬਰਾਮਦ ਕੀਤਾ ਹੈ। ਇਹ ਸ਼ੱਕ ਹੈ ਕਿ ਅੱਤਵਾਦੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਕਰਨ ਵਾਲੇ ਸਨ। ਪੁਲਿਸ ਨੇ ਫਿਲਹਾਲ ਵਿਸਫੋਟਕ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਊਂਟਰ ਇੰਟੈਲੀਜੈਂਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵਿਸਫੋਟਕ ਆਈਐਸਆਈ ਸਮਰਥਿਤ ਅੱਤਵਾਦੀਆਂ ਦੁਆਰਾ ਭੇਜੇ ਗਏ ਸਨ। ਪੰਜਾਬ ਪੁਲਿਸ ਨੇ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਅੱਤਵਾਦੀਆਂ ਦੀਆਂ ਨਾਪਾਕ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ ਹੈ। ਹਾਲਾਂਕਿ, ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵਿਸਫੋਟਕਾਂ ਨਾਲ ਅੱਤਵਾਦੀਆਂ ਨੇ ਪੰਜਾਬ 'ਚ ਕਿਹੜੀਆਂ ਕਿਹੜੀਆਂ ਥਾਵਾਂ ਨੂੰ ਨਿਸ਼ਾਨਾਂ ਬਣਾਉਣਾ ਸੀ।
ਇੱਕ ਵੱਡੀ ਕਾਰਵਾਈ ਵਿੱਚ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਪਾਕਿਸਤਾਨ ਸਥਿਤ ਆਈਐਸਆਈ ਸਮਰਥਿਤ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਨੈੱਟਵਰਕ ਯੂਕੇ ਸਥਿਤ ਹੈਂਡਲਰ ਨਿਸ਼ਾਨ ਅਤੇ ਆਦੇਸ਼ ਰਾਹੀਂ ਕੰਮ ਕਰ ਰਿਹਾ ਸੀ, ਜਿਨ੍ਹਾਂ ਨੂੰ ਬੀਕੇਆਈ ਦੇ ਮਾਸਟਰਮਾਈਂਡ ਹਰਵਿੰਦਰ ਸਿੰਘ ਰਿੰਦਾ ਤੋਂ ਨਿਰਦੇਸ਼ ਮਿਲ ਰਹੇ ਸਨ।
ਅੱਤਵਾਦੀ ਹਮਲੇ ਵਿੱਚ ਵਰਤਿਆ ਜਾਣਾ ਸੀ
ਪੁਲਿਸ ਨੇ ਜਲੰਧਰ ਤੋਂ ਦੋ ਮੁਲਜ਼ਮਾਂ ਗੁਰਜਿੰਦਰ ਸਿੰਘ ਅਤੇ ਦੀਵਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਜਾਣਕਾਰੀ ਦੇ ਆਧਾਰ 'ਤੇ 2.5 ਕਿਲੋਗ੍ਰਾਮ ਆਈਈਡੀ (ਆਰਡੀਐਕਸ) ਅਤੇ ਇੱਕ ਰਿਮੋਟ ਕੰਟਰੋਲ ਬਰਾਮਦ ਕੀਤਾ ਗਿਆ ਸੀ। ਜਾਂਚ ਵਿੱਚ ਪਤਾ ਲੱਗਾ ਹੈ ਕਿ ਇਨ੍ਹਾਂ ਵਿਸਫੋਟਕਾਂ ਦੀ ਵਰਤੋਂ ਇੱਕ ਵੱਡੇ ਅੱਤਵਾਦੀ ਹਮਲੇ ਵਿੱਚ ਕੀਤੀ ਜਾਣੀ ਸੀ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕੀਤਾ ਕਿ ਦੋਵੇਂ ਆਰੋਪੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਾਸਟਰਮਾਈਂਡ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ 'ਤੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ ਪਰ ਗੁਪਤ ਜਾਣਕਾਰੀ ਦੇ ਆਧਾਰ 'ਤੇ ਕਾਊਂਟਰ ਇੰਟੈਲੀਜੈਂਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਸਫਲਤਾ ਹਾਸਲ ਕੀਤੀ।
- PTC NEWS