Himachal vs Punjab Controversy : ਖਰੜ 'ਚ ਹਿਮਾਚਲ ਦੀ ਬੱਸ 'ਤੇ ਹਮਲਾ, ਸ਼ੀਸ਼ੇ ਟੁੱਟੇ, ਵਾਲ-ਵਾਲ ਬਚੀਆਂ ਸਵਾਰੀਆਂ, ਵੀਡੀਓ ਆਈ ਸਾਹਮਣੇ
Himachal vs Punjab Controversy : ਹਿਮਾਚਲ ਪ੍ਰਦੇਸ਼ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ (Bhindranwala Controversy) ਦੇ ਪੋਸਟਰ ਅਤੇ ਝੰਡੇ ਤੋਂ ਉਠੇ ਵਿਵਾਦ ਕਾਰਨ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦਰਮਿਆਨ ਤਣਾਅ ਵਧ ਗਿਆ ਹੈ। ਹੁਣ ਪੰਜਾਬ ਦੇ ਮੋਹਾਲੀ ਦੇ ਖਰੜ 'ਚ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ 'ਤੇ ਹਮਲਾ ਹੋਇਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾ ਕਿਸ ਨੇ ਕੀਤਾ ਹੈ ? ਪਰ ਬੱਸ ਵਿੱਚ ਸਵਾਰ 25 ਲੋਕ ਇਸ ਹਮਲੇ ਵਿੱਚ ਵਾਲ-ਵਾਲ ਬਚ ਗਏ। ਦੋ ਨੌਜਵਾਨਾਂ ਨੇ ਖਰੜਾ ਨੇੜੇ ਬੱਸ ਨੂੰ ਰੋਕ ਲਿਆ ਅਤੇ ਡੰਡਿਆਂ ਅਤੇ ਪੱਥਰਾਂ ਨਾਲ ਅੱਗੇ ਅਤੇ ਪਾਸੇ ਦੀਆਂ ਖਿੜਕੀਆਂ ਤੋੜ ਦਿੱਤੀਆਂ। ਬਾਅਦ ਵਿੱਚ ਆਲਟੋ ਕਾਰ ਵਿੱਚ ਆਏ ਮੁਲਜ਼ਮ ਫ਼ਰਾਰ ਹੋ ਗਏ। ਫਿਲਹਾਲ ਖਰੜ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਹਮਲੇ 'ਚ ਵਾਲ-ਵਾਲ ਬਚੀਆਂ ਸਵਾਰੀਆਂ...
ਦਰਅਸਲ, ਮੰਗਲਵਾਰ ਨੂੰ ਸ਼ਾਮ ਨੂੰ ਖਰੜ 'ਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੇ ਹਮੀਰਪੁਰ ਡਿਪੂ ਦੀ ਬੱਸ 'ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਘਟਨਾ ਵਿੱਚ ਡਰਾਈਵਰ, ਕੰਡਕਟਰ ਅਤੇ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਬੱਸ ਦਾ ਸ਼ੀਸ਼ਾ ਬੁਰੀ ਤਰ੍ਹਾਂ ਟੁੱਟ ਗਿਆ। ਹਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰਾਂ ਨੇ ਬੱਸ 'ਤੇ ਲਾਠੀਆਂ ਨਾਲ ਹਮਲਾ ਕੀਤਾ ਅਤੇ ਸ਼ੀਸ਼ੇ ਤੋੜ ਦਿੱਤੇ। ਇਹ ਬੱਸ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਸੀ।
''ਓਵਰਟੇਕ ਕਰਕੇ ਰੋਕੀ ਬੱਸ ਤੇ ਕਰ ਦਿੱਤਾ ਹਮਲਾ...''
ਬੱਸ ਅਪਰੇਟਰ ਲਵਲੀ ਕੁਮਾਰ ਨੇ ਦੱਸਿਆ ਕਿ ਬੱਸ ਸ਼ਾਮ ਕਰੀਬ 6.15 ਵਜੇ ਚੰਡੀਗੜ੍ਹ ਤੋਂ ਹਮੀਰਪੁਰ ਲਈ ਰਵਾਨਾ ਹੋਈ ਸੀ। ਜਦੋਂ ਬੱਸ ਖਰੜ ਪਹੁੰਚੀ ਤਾਂ ਇੱਕ ਵਾਹਨ ਨੇ ਉਸ ਨੂੰ ਓਵਰਟੇਕ ਕਰਕੇ ਰੁਕਣ ਦਾ ਇਸ਼ਾਰਾ ਕੀਤਾ। ਜਿਵੇਂ ਹੀ ਬੱਸ ਰੁਕੀ ਤਾਂ ਦੋ ਵਿਅਕਤੀ ਲਾਠੀਆਂ ਲੈ ਕੇ ਕਾਰ 'ਚੋਂ ਬਾਹਰ ਆਏ ਅਤੇ ਬੱਸ ਦੇ ਅਗਲੇ ਸ਼ੀਸ਼ੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਬੱਸ 'ਚ 25-26 ਦੇ ਕਰੀਬ ਸਵਾਰੀਆਂ ਸਵਾਰ ਸਨ, ਜੋ ਹਮਲੇ ਕਾਰਨ ਘਬਰਾ ਗਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਪੁਸ਼ਟੀ ਕਰਦਿਆਂ ਹਮੀਰਪੁਰ ਬੱਸ ਅੱਡੇ ਦੇ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਬੱਸ ’ਤੇ ਹਮਲਾ ਕਰਕੇ ਸ਼ੀਸ਼ੇ ਤੋੜ ਦਿੱਤੇ ਗਏ ਹਨ।
ਪੁਲਿਸ ਨੇ ਦਰਜ ਕੀਤਾ ਮਾਮਲਾ
ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਲਟੋ ਕਾਰ ਵਿੱਚ ਆਏ ਦੋਵੇਂ ਮੁਲਜ਼ਮਾਂ ਨੇ ਕਾਰ ਦੀ ਨੰਬਰ ਪਲੇਟ ਵੀ ਢੱਕੀ ਹੋਈ ਸੀ ਅਤੇ ਮੂੰਹ ਵੀ ਢੱਕਿਆ ਹੋਇਆ ਸੀ। ਹਮਲੇ ਤੋਂ ਬਾਅਦ ਮੁਲਜ਼ਮ ਖੁਰਦ ਤੋਂ ਕੀਰਤਪੁਰ ਨੂੰ ਜਾਂਦੇ ਹਾਈਵੇਅ ਤੋਂ ਫਰਾਰ ਹੋ ਗਏ।
ਕਿੱਥੋਂ ਸ਼ੁਰੂ ਹੋਇਆ ਵਿਵਾਦ ?
ਦੱਸ ਦਈਏ ਕਿ ਇਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਤਣਾਅ ਦਾ ਕਾਰਨ ਬਣਦਾ ਜਾ ਰਿਹਾ ਇਹ ਵਿਵਾਦ ਹਿਮਾਚਲ ਪ੍ਰਦੇਸ਼ ਦੇ ਕੁੱਲੂ ਇਲਾਕੇ ਤੋਂ ਸ਼ੁਰੂ ਹੋਇਆ ਸੀ, ਜਦੋਂ ਪੰਜਾਬ ਤੋਂ ਕੁਝ ਸੈਲਾਨੀ ਭਿੰਡਰਾਂਵਾਲਾ ਦੇ ਝੰਡੇ ਅਤੇ ਪੋਸਟਰ ਲੈ ਕੇ ਪੁੱਜੇ ਸਨ, ਪਰ ਸਥਾਨਕ ਲੋਕਾਂ ਨੇ ਜ਼ਬਰਦਸਤੀ ਇਨ੍ਹਾਂ ਝੰਡਿਆਂ ਨੂੰ ਖੋਹ ਕੇ ਪਾੜ ਦਿੱਤੇ ਅਤੇ ਮੋਟਰਸਾਈਕਲਾਂ ਨੂੰ ਨੁਕਸਾਨ ਪਹੁੰਚਾਇਆ।
ਉਪਰੰਤ, ਇਸ ਘਟਨਾ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਹੁਸ਼ਿਆਰਪੁਰ 'ਚ ਹਿਮਾਚਲ ਦੀਆਂ ਬੱਸਾਂ 'ਤੇ ਭਿੰਡਰਾਂਵਾਲੇ ਦੀਆਂ ਤਸਵੀਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
- PTC NEWS