Amritsar News : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਮੀਰਪੁਰਾ ਪਿੰਡ ’ਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ
Amritsar News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਾਰਡਰ ਖੇਤਰ ਦੇ ਪਿੰਡ ਕਮੀਰਪੁਰਾ ਵਿਖੇ ਬੀਤੇ ਦਿਨੀਂ ਹੜ੍ਹ ਕਾਰਨ ਨੁਕਸਾਨੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਨਵੀਂ ਉਸਾਰੀ ਲਈ ਸੇਵਾ ਦੀ ਅਰੰਭਤਾ ਖੁਦ ਅਰਦਾਸ ਕਰਕੇ ਕੀਤੀ। ਇਹ ਸੇਵਾ ਦੇਸ਼ ਵਿਦੇਸ਼ ਵਿੱਚ ਵੱਸਦੀ ਦੋਆਬਾ ਦੇ ਨਵਾਂਸ਼ਹਿਰ ਜ਼ਿਲ੍ਹੇ ਦੀ ਸਿੱਖ ਸੰਗਤ ਵੱਲੋਂ ਲਈ ਗਈ ਹੈ, ਜਿਨ੍ਹਾਂ ਦੇ ਸੱਦੇ ਉੱਤੇ ਜਥੇਦਾਰ ਗੜਗੱਜ ਨੇ ਅੱਜ ਕਮੀਰਪੁਰਾ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਪਿੰਡ ਵਿੱਚ 40 ਦੇ ਕਰੀਬ ਸਿੱਖ ਪਰਿਵਾਰ ਹਨ, ਜਿਨ੍ਹਾਂ ਦੀ ਸ਼ਰਧਾ ਗੁਰੂ ਘਰ ਨਾਲ ਹੈ ਪਰ ਹੜ੍ਹ ਕਾਰਨ ਇਮਾਰਤ ਨੁਕਸਾਨੀ ਗਈ ਸੀ, ਜਿਸ ਕਾਰਨ ਸੰਗਤ ਨੂੰ ਪਰੇਸ਼ਾਨੀ ਆ ਰਹੀ ਸੀ।
ਨੀਂਹ ਪੱਥਰ ਰੱਖਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ, ਅਨੰਦ ਸਾਹਿਬ ਜੀ ਦੇ ਪਾਠ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੁਦ ਅਰਦਾਸ ਕਰਕੇ ਨੀਂਹ ਪੱਥਰ ਰੱਖਿਆ ਅਤੇ ਸੇਵਾ ਕਾਰਜ ਅਰੰਭ ਕੀਤੇ।
ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਲਈ ਗੁਰਦੁਆਰਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਣ ਦਾ ਅਤੇ ਸ਼ਰਧਾ ਦਾ ਕੇਂਦਰ ਹੈ, ਉੱਥੇ ਹੀ ਕੌਮ ਇੱਥੇ ਬੈਠ ਕੇ ਆਪਸ ਵਿੱਚ ਭਵਿੱਖ ਲਈ ਚਿੰਤਨ ਤੇ ਵਿਚਾਰ ਵਟਾਂਦਰਾ ਵੀ ਕਰਦੀ ਹੈ। ਸਿੱਖ ਦੁਨੀਆ ਅੰਦਰ ਜਿੱਥੇ ਵੀ ਵੱਸਦੇ ਹਨ ਉਹ ਉੱਥੇ ਗੁਰਦੁਆਰਾ ਸਾਹਿਬ ਜ਼ਰੂਰ ਸਥਾਪਤ ਕਰਦੇ ਹਨ ਅਤੇ ਆਪਸ ਵਿੱਚ ਮਿਲ ਬੈਠਦੇ ਹਨ।
ਉਨ੍ਹਾਂ ਕਿਹਾ ਕਿ ਕਮੀਰਪੁਰਾ ਪਿੰਡ ਜੋ ਕਿ ਬਿਲਕੁਲ ਰਾਵੀ ਦਰਿਆ ਦੇ ਕੰਢੇ ਅਤੇ ਬਾਰਡਰ ਉੱਤੇ ਸਥਿਤ ਹੈ, ਇੱਥੋਂ ਦਾ ਗੁਰੂ ਘਰ ਬੀਤੇ ਦਿਨੀਂ ਹੜ੍ਹ ਕਾਰਨ ਨੁਕਸਾਨਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਦੋਆਬਾ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਥਾਪੜੇ ਸਦਕਾ ਇੱਥੇ ਸਥਿਤ ਗੁਰੂ ਘਰ ਦੀ ਨਵੀਂ ਇਮਾਰਤ ਦੀ ਉਸਾਰੀ ਸੇਵਾ ਅਰੰਭ ਕੀਤੀ ਗਈ ਹੈ। ਉਨ੍ਹਾਂ ਪਿੰਡ ਵਾਸੀਆਂ ਤੇ ਇਲਾਕੇ ਦੀ ਸੰਗਤ ਨੂੰ ਇਸ ਮੌਕੇ ਵਧਾਈ ਦਿੱਤੀ ਅਤੇ ਸੇਵਾ ਕਰਨ ਵਾਲੀ ਦੋਆਬਾ ਦੀ ਸਿੱਖ ਸੰਗਤ ਦੀ ਸ਼ਲਾਘਾ ਕੀਤੀ।
ਇਸ ਮੌਕੇ ਦੋਆਬਾ ਸਥਿਤ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਨਾਲ ਜੁੜੀ ਸਿੱਖ ਸੰਗਤ, ਸੁਰਜੀਤ ਸਿੰਘ ਪ੍ਰਧਾਨ ਬੱਲੋਵਾਲ, ਬਾਬਾ ਬਲਵੰਤ ਸਿੰਘ ਭਰੋਮਜਾਰਾ, ਰਘਵੀਰ ਸਿੰਘ ਮੰਨਣਹਾਨਾ, ਸੁਰਜੀਤ ਸਿੰਘ ਚੀਮਾ, ਅਮਰੀਕ ਸਿੰਘ ਬੱਲੋਵਾਲ, ਨਿੱਜੀ ਸਹਾਇਕ ਬਲਦੇਵ ਸਿੰਘ, ਜਸਕਰਨ ਸਿੰਘ ਮੀਡੀਆ ਸਲਾਹਕਾਰ, ਸੁਦਾਗਰ ਸਿੰਘ, ਜੋਗਿੰਦਰ ਸਿੰਘ, ਚੂਹੜ ਸਿੰਘ, ਸੁਖਵਿੰਦਰ ਸਿੰਘ, ਸੋਢੀ ਲਾਲ, ਅਜੀਤ ਸਿੰਘ, ਤੀਰਥ ਸਿੰਘ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ, ਧਨਪਤ ਰਾਏ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।
- PTC NEWS