Kangra News : ਹਿਮਾਚਲ ਘੁੰਮਣ ਗਏ ਜਲੰਧਰ ਦੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਖੱਡ 'ਚ ਡਿੱਗੀ ਕਾਰ, ਇੱਕ ਦੀ ਮੌਤ
Jalandhar Family Accident in Kangra : ਪੰਜਾਬ ਦੇ ਜਲੰਧਰ ਦੇ ਇੱਕ ਪਰਿਵਾਰ ਨਾਲ ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਹੈ। ਕਾਂਗੜਾ ਜ਼ਿਲ੍ਹੇ ਦੇ ਖਨਿਆਰਾ-ਖਟੌਟਾ ਰੋਡ 'ਤੇ ਪਰਿਵਾਰ ਦੀ ਕਾਰ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮ੍ਰਿਤਕ ਦੀ ਪਛਾਣ ਅਰੁਣ ਕੁਮਾਰ ਉਰਫ ਵਿਪਨ ਪੁੱਤਰ ਧਰਮਪਾਲ ਵਾਸੀ ਮਕਾਨ ਨੰਬਰ 987 ਅਰਜੁਨ ਨਗਰ ਲਾਡੋਵਾਲੀ ਰੋਡ, ਜਲੰਧਰ ਸ਼ਹਿਰ, ਪੰਜਾਬ ਵਜੋਂ ਹੋਈ ਹੈ, ਜੋ ਕਿ ਆਪਣੇ ਪਰਿਵਾਰ ਸਮੇਤ ਯੋਲ ਵਿਖੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਆਇਆ ਹੋਇਆ ਸੀ।
ਜਾਣਕਾਰੀ ਮੁਤਾਬਕ ਯੋਲ 'ਚ ਪ੍ਰੋਗਰਾਮ 'ਚ ਹਿੱਸਾ ਲੈਣ ਤੋਂ ਬਾਅਦ ਅਰੁਣ ਅਤੇ ਉਸ ਦੇ ਪਰਿਵਾਰ ਨੇ ਧਰਮਸ਼ਾਲਾ ਜਾਣ ਦੀ ਯੋਜਨਾ ਬਣਾਈ। ਇਸ ਦੌਰਾਨ ਉਹ ਕਾਰ ਵਿੱਚ ਹੀ ਚਲਾ ਗਿਆ। ਸ਼ਨੀਵਾਰ ਰਾਤ ਨੂੰ ਜਦੋਂ ਉਹ ਖਨਿਆਰਾ-ਖਦੋਟਾ ਰੋਡ 'ਤੇ ਜਾ ਰਹੇ ਸਨ ਤਾਂ ਉਨ੍ਹਾਂ ਨੇ ਕਾਰ ਰੋਕ ਲਈ। ਇਸ ਦੌਰਾਨ ਅਰੁਣ ਦੇ ਪਿਤਾ ਕਾਰ 'ਚੋਂ ਬਾਹਰ ਨਿਕਲ ਗਏ, ਜਦਕਿ ਅਰੁਣ, ਉਸ ਦੀ ਪਤਨੀ ਅਤੇ ਬੱਚੇ ਕਾਰ 'ਚ ਬੈਠੇ ਸਨ। ਅਚਾਨਕ ਕਾਰ ਦੀ ਹੈਂਡਬ੍ਰੇਕ ਨਿਕਲ ਗਈ, ਜਿਸ ਕਾਰਨ ਕਾਰ ਸੜਕ ਤੋਂ ਹੇਠਾਂ ਪਲਟ ਗਈ ਅਤੇ ਇਹ ਹਾਦਸਾ ਵਾਪਰ ਗਿਆ।
ਹਾਦਸੇ ਦੀ ਪੁਸ਼ਟੀ ਕਰਦਿਆਂ ਏ.ਐਸ.ਪੀ ਕਾਂਗੜਾ ਹਿਤੇਸ਼ ਲਖਨਪਾਲ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
- PTC NEWS