Punjab Treasury: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦੇ ਪ੍ਰੋਗਰਾਮਾਂ 'ਤੇ ਸਰਕਾਰੀ ਖ਼ਜ਼ਾਨੇ ਨੂੰ ਬਰਬਾਦ ਕਰਨ ਲਈ 'ਆਪ' ਨੂੰ ਝਾੜ ਪਾਈ
Punjab Treasury: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 16ਵੇਂ ਵਿੱਤ ਕਮਿਸ਼ਨ ਤੋਂ 1.32 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੇ ਜਾਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਵਿਸਥਾਰ 'ਤੇ ਪੰਜਾਬ ਦੇ ਖ਼ਜ਼ਾਨੇ ਨੂੰ ਬਰਬਾਦ ਕਰਨ ਲਈ 'ਆਪ' ਸਰਕਾਰ ਨੂੰ ਝਾੜ ਪਾਈ ਹੈ।
ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ ਵੱਲੋਂ ਇਕੱਤਰ ਕੀਤੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸੂਬੇ ਭਰ ਵਿੱਚ ਕੀਤੀਆਂ ਰੈਲੀਆਂ 'ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਸਰਕਾਰੀ ਪ੍ਰੋਗਰਾਮਾਂ ਦੇ ਬਹਾਨੇ ਬਰਬਾਦ ਕੀਤੇ ਹਨ।
ਗੋਇਲ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਮੌੜ ਰੈਲੀ 'ਤੇ ਟੈਕਸ ਭਰਨ ਵਾਲਿਆਂ ਦੇ ਪੈਸੇ ਵਿੱਚੋਂ 4.16 ਕਰੋੜ ਰੁਪਏ ਖ਼ਰਚ ਕੀਤੇ ਗਏ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਹਵਾਈ ਯਾਤਰਾ ਦਾ ਖਰਚਾ ਵੀ ਚੁੱਕਿਆ। ਗੋਇਲ ਦਾ ਦਾਅਵਾ ਹੈ ਕਿ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਪੰਜਾਬ ਵਿੱਚ ਅਜਿਹੀਆਂ ਲਗਭਗ 10 ਰੈਲੀਆਂ ਕੀਤੀਆਂ ਗਈਆਂ ਸਨ। ਬਾਜਵਾ ਨੇ ਕਿਹਾ ਕਿ ਅਜਿਹੀਆਂ ਰੈਲੀਆਂ ਦਾ ਮਕਸਦ ਪੰਜਾਬ ਦੇ ਵੋਟਰਾਂ ਨੂੰ 'ਆਪ' ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਸੇ ਜਾਣਕਾਰੀ ਅਨੁਸਾਰ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪਾਰਟੀ ਵਰਕਰਾਂ ਅਤੇ ਹੋਰ ਭੀੜ ਨੂੰ ਰੈਲੀਆਂ ਵਿੱਚ ਲਿਆਉਣ ਲਈ ਸਰਕਾਰੀ ਬੱਸਾਂ ਸਮੇਤ 1751 ਬੱਸਾਂ ਦੀ ਵਰਤੋਂ ਕੀਤੀ ਗਈ। ਜਨਤਾ ਲਈ ਤੰਬੂ ਅਤੇ ਭੋਜਨ ਦਾ ਪ੍ਰਬੰਧ ਕਰਨ ਲਈ ਨਿੱਜੀ ਫ਼ਰਮਾਂ ਨੂੰ ਕਿਰਾਏ 'ਤੇ ਲਿਆ ਗਿਆ ਸੀ। ਵਾਹਨਾਂ ਦੀ ਪਾਰਕਿੰਗ ਲਈ ਕਈ ਏਕੜ ਫ਼ਸਲ ਤਬਾਹ ਹੋ ਗਈ।
ਉਨ੍ਹਾਂ ਕਿਹਾ ਕਿ ਇਹ ਉਸ ਪਾਰਟੀ ਨੇ ਕੀਤਾ ਹੈ ਜੋ ਆਮ ਲੋਕਾਂ ਦੀ ਪਾਰਟੀ ਅਤੇ ਕੱਟੜ ਇਮਾਨਦਾਰ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ। ਬਾਜਵਾ ਨੇ ਕਿਹਾ ਕਿ ਸੱਤਾ ਸੰਭਾਲਣ ਤੋਂ ਪਹਿਲਾਂ 'ਆਪ' ਲੀਡਰਸ਼ਿਪ ਨੇ ਜੋ ਉਪਦੇਸ਼ ਦਿੱਤੇ ਸਨ ਅਤੇ ਸੱਤਾ ਸੰਭਾਲਣ ਤੋਂ ਬਾਅਦ ਉਹ ਜੋ ਕਰ ਰਹੇ ਹਨ, ਉਸ 'ਚ ਬਹੁਤ ਫ਼ਰਕ ਹੈ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸੂਬੇ ਦੇ ਵਿਕਾਸ ਲਈ ਫ਼ੰਡ ਮੰਗਣ ਦਾ ਪੂਰਾ ਅਧਿਕਾਰ ਹੈ ਪਰ ਉਸ ਨੂੰ ਪੰਜਾਬ ਦੇ ਟੈਕਸ ਭਰਨਾ ਵਾਲਿਆਂ ਦਾ ਪੈਸਾ ਸਾਵਧਾਨੀ ਨਾਲ ਖ਼ਰਚ ਕਰਨ ਬਾਰੇ ਵੀ ਸੋਚਣਾ ਚਾਹੀਦਾ ਹੈ। 'ਆਪ' ਸਰਕਾਰ ਵੱਲੋਂ ਹਵਾਈ ਯਾਤਰਾ, ਪ੍ਰਚਾਰ ਬਜਟ ਅਤੇ ਪਾਰਟੀ ਵਿਸਥਾਰ 'ਤੇ ਲਾਪਰਵਾਹੀ ਨਾਲ ਕੀਤੇ ਗਏ ਖ਼ਰਚੇ ਨੇ ਸੂਬੇ ਦੀ ਆਰਥਿਕਤਾ ਨੂੰ ਅਸਥਿਰ ਕਰ ਦਿੱਤਾ ਹੈ।
- PTC NEWS