ਗੁਰੂ ਨਗਰੀ ਅੰਮ੍ਰਿਤਸਰ 'ਚ 800 ਤੋਂ ਵੱਧ ਪਰਿਵਾਰ ਬੇਘਰ ਹੋਣ ਕੰਢੇ
ਅੰਮ੍ਰਿਤਸਰ, 24 ਜਨਵਰੀ (ਮਨਿੰਦਰ ਸਿੰਘ ਮੋਂਗਾ): ਲਤੀਫ਼ਪੁਰਾ ਦੀ ਤਰਜ਼ 'ਤੇ ਹੁਣ ਗੁਰੂ ਨਗਰੀ 'ਚ ਵੀ 800 ਤੋਂ ਵੱਧ ਘਰ ਖਾਲੀ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਇਹ ਘਟਨਾ ਅੰਮ੍ਰਿਤਸਰ ਦੀ ਝਬਾਲ ਰੋਡ 'ਤੇ ਸਥਿਤ ਸ਼ਹੀਦ ਊਧਮ ਸਿੰਘ ਕਾਲੋਨੀ ਦੀ ਦੱਸੀ ਜਾ ਰਹੀ ਹੈ ਜਿਥੇ ਵਕਫ਼ ਬੋਰਡ ਵੱਲੋਂ ਵਸਨੀਕਾਂ 'ਤੇ ਲਗਾਤਾਰ ਘਰ ਖਾਲੀ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਇਥੇ ਦੇ ਵਸਨੀਕਾਂ ਨੂੰ ਇਥੇ ਰਹਿੰਦਿਆਂ 50 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਪਰ ਅਚਾਨਕ ਇੱਕ ਸਰਕਾਰੀ ਫ਼ਰਮਾਨ ਦਾ ਹਵਾਲਾ ਦਿੰਦਿਆਂ ਵਕਫ਼ ਬੋਰਡ ਵੱਲੋਂ ਇਨ੍ਹਾਂ ਨੂੰ ਇਹ ਕਹਿੰਦਿਆਂ ਘਰ ਖਾਲੀ ਕਰਨ ਨੂੰ ਕਹਿ ਦਿੱਤਾ ਗਿਆ ਕਿ ਇਹ ਜਿਹੜੀ ਜ਼ਮੀਨ ਹੈ ਉਹ ਬੋਰਡ ਦੀ ਹੈ।
ਇਥੇ ਦੱਸਣਾ ਬਣਦਾ ਹੈ ਕਿ ਬੋਰਡ ਵੱਲੋਂ ਲਿਖਤੀ ਫ਼ਰਮਾਨ ਵੀ ਪੇਸ਼ ਨਹੀਂ ਕੀਤਾ ਜਾ ਰਿਹਾ ਪਰ ਸਿਰਫ ਲਫ਼ਜ਼ੀ ਫ਼ਰਮਾਨ ਦਾ ਦਾਅਵਾ ਕਰਦਿਆਂ ਇਥੇ ਦੇ ਵਸਨੀਕਾਂ ਤੇ ਦਬਾਅ ਬਣਾਇਆ ਜਾ ਰਿਹਾ ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ। ਜਿਸਤੋਂ ਬਾਅਦ ਸ਼ਹੀਦ ਊਧਮ ਸਿੰਘ ਕਾਲੋਨੀ ਦੇ ਵਸਨੀਕਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਵਿੱਢ ਦਿੱਤਾ ਗਿਆ ਹੈ।
ਪ੍ਰਦਰਸ਼ਨਕਾਰੀ ਪਰਿਵਾਰਾਂ 'ਚ ਇੱਕ ਇਥੇ ਦੇ ਸਥਾਨਿਕ ਕੌਂਸਲਰ ਸਲੀਮ ਬਾਬਾ ਨੇ ਦੱਸਿਆ ਕਿ ਉਹ ਇਥੇ ਪਿੱਛਲੇ ਤਿੰਨ ਪੀੜ੍ਹੀਆਂ ਤੋਂ ਰਹਿ ਰਹੇ ਨੇ ਤੇ ਇਹ ਜਿਹੜੀ ਜ਼ਮੀਨ ਹੈ ਉਹ ਵਕਫ਼ ਬੋਰਡ ਦੀ ਨਹੀਂ ਸਗੋਂ ਕੇਂਦਰ ਸਰਕਾਰ ਦੀ ਜ਼ਮੀਨ ਹੈ। ਉਨ੍ਹਾਂ ਦਾ ਕਹਿਣਾ ਕਿ ਬੋਰਡ ਇਹ ਦਾਅਵਾ ਕਰ ਰਿਹਾ ਕਿ 850 ਘਰ ਉਨ੍ਹਾਂ ਦੀ ਜ਼ਮੀਨ 'ਤੇ ਬਣਾਇਆ ਗਿਆ ਪਰ ਹੁਣ ਤੱਕ ਵਾਰ ਵਾਰ ਸਬੂਤ ਮੰਗਣ ਤੋਂ ਬਾਅਦ ਵੀ ਬੋਰਡ ਇਹ ਸਪਸ਼ਟ ਨਹੀਂ ਕਰ ਪਾਇਆ ਕਿ ਜਿਹੜੀ ਮਕਾਨਾਂ ਦੀ ਜ਼ਮੀਨ ਦੀ ਮਲਕੀਅਤ ਦਾ ਬੋਰਡ ਦਾਅਵਾ ਕਰ ਰਿਹਾ ਉਹ ਕਿਹੜੇ ਹਨ।
ਕੌਂਸਲਰ ਦਾ ਕਹਿਣਾ ਹੈ ਕਿ ਇਹ ਜ਼ਮੀਨ ਕੇਂਦਰ ਸਰਕਾਰ ਦੀ ਮਲਕੀਅਤ ਹੈ ਅਤੇ ਸਰਕਾਰ ਨੇ ਇਹ ਜ਼ਮੀਨ ਉਨ੍ਹਾਂ ਪਰਿਵਾਰਾਂ ਨੂੰ ਵਸਾਉਣ ਲਈ ਦਿੱਤੀ ਸੀ ਜੋ ਕਿ 1947 ਦੀ ਵੰਡ ਤੋਂ ਬਾਅਦ ਉਜੜ ਕੇ ਪਾਕਿਸਤਾਨ ਵਾਲੇ ਹਿੱਸੋਂ ਭਾਰਤ ਆਏ ਸਨ। ਉਨ੍ਹਾਂ ਦਾ ਕਹਿਣਾ ਕਿ ਜ਼ਿਆਦਾਤਰ ਪਰਿਵਾਰ ਸਰਕਾਰ ਵੱਲੋਂ ਇਥੇ ਵਸਾਏ ਗਏ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਹੁਣ ਭਾਰੀ ਤਦਾਦ 'ਚ ਪੁਲਿਸ ਬਲ ਸੱਦ ਕੇ ਉਨ੍ਹਾਂ 'ਤੇ ਮਕਨਾਂ ਨੂੰ ਖਾਲੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ।
ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮਨੁੱਖੀ ਅਧਿਕਾਰ ਸੰਗਠਨ ਵੀ ਝਬਾਲ ਰੋਡ ਦੇ ਵਸਨੀਕਾਂ ਦੇ ਹੱਕ 'ਚ ਨਿੱਤਰ ਆਇਆ ਅਤੇ ਜਿਥੇ ਹੁਣ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਥੇ ਹੀ ਉਨ੍ਹਾਂ ਸਰਕਾਰ ਨੂੰ ਚਿਤਵੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤੇ ਆਉਣ ਵਾਲੇ ਸਮਾਂ 'ਚ ਉਹ ਹੋਰ ਤਿੱਖਾ ਸੰਘਰਸ਼ ਵਿੱਢਣਗੇ।
ਇਸ ਦੇ ਨਾਲ ਹੀ ਉਨ੍ਹਾਂ ਵਕਫ਼ ਬੋਰਡ 'ਤੇ ਭੂ ਮਾਫ਼ੀਆ ਨਾਲ ਮਿਲੀ ਭੁਗਤ ਦਾ ਵੀ ਇਲਜ਼ਾਮ ਲਾਇਆ ਤੇ ਟੈਕਸ ਦੇ ਨਾਮ 'ਤੇ ਇਥੇ ਦੇ ਭੋਲੇ ਭਾਲੇ ਲੋਕਾਂ ਤੋਂ ਭਾਰੀ ਵਸੂਲੀ ਦੀ ਗੱਲ ਵੀ ਆਖੀ ਹੈ।
- With inputs from our correspondent