Harbhajan Singh : ''ਕਿਸੇ ਪਰਿਵਾਰ ਦੇ ਸਿਰ ਤੋਂ ਛੱਤ ਖੋਹਣੀ ਗਲਤ...'' Bulldozer ਤੋਂ ਨਾਖੁਸ਼ AAP MP ਭੱਜੀ ਨੇ ਘੇਰੀ ਮਾਨ ਸਰਕਾਰ
MP Harbhajan Singh Slams on Bulldozer Action : ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਪੰਜਾਬ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਗੈਰ-ਕਾਨੂੰਨੀ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਸਾਬਕਾ ਕ੍ਰਿਕਟਰ ਅਤੇ ਪੰਜਾਬ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਬਿਆਨ ਵੀ ਆਇਆ ਹੈ। ਹਰਭਜਨ ਸਿੰਘ ਨੇ ‘ਨਸ਼ਿਆਂ ਖਿਲਾਫ ਜੰਗ’ ਮੁਹਿੰਮ ਨੂੰ ਲੈ ਕੇ ਪਾਰਟੀ ਤੋਂ ਵੱਖਰਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, 'ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦਾ ਘਰ ਢਾਹ ਦਿੱਤਾ ਜਾਂਦਾ ਹੈ। ਮੈਂ ਇਸ ਫੈਸਲੇ ਦੇ ਹੱਕ ਵਿੱਚ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਬਚਿਆ ਹੈ, ਉਹ ਕਿਸੇ ਦੇ ਸਿਰ 'ਤੇ ਛੱਤ ਹੈ। ਇਸ ਲਈ ਮੈਂ ਸੋਚਦਾ ਹਾਂ ਕਿ ਕਿਸੇ ਦੇ ਘਰ ਨੂੰ ਢਾਹੁਣਾ ਚੰਗਾ ਵਿਕਲਪ ਨਹੀਂ ਹੈ। ਕਿਸੇ ਹੋਰ ਵਿਕਲਪ 'ਤੇ ਕੰਮ ਕੀਤਾ ਜਾ ਸਕਦਾ ਹੈ।
ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹੁਣਾ ਗਲਤ : ਹਰਭਜਨ ਸਿੰਘ
ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰੀ ਜ਼ਮੀਨ ’ਤੇ ਬੈਠਾ ਹੋਵੇ ਤਾਂ ਵੀ ਅਜਿਹੀ ਕਾਰਵਾਈ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਜੇਕਰ ਕਿਸੇ ਨੇ ਘਰ ਬਣਾਇਆ ਹੈ ਤਾਂ ਉਸ ਨੂੰ ਉਸ ਘਰ ਵਿੱਚ ਰਹਿਣ ਦਿੱਤਾ ਜਾਵੇ। ਕਿਸੇ ਦਾ ਘਰ ਢਾਹੁਣਾ ਚੰਗਾ ਵਿਕਲਪ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਕਿਸੇ ਵਿਅਕਤੀ ਨੇ ਘਰ ਕਿਵੇਂ ਬਣਾਇਆ ਹੋਵੇਗਾ?
ਕੇਜਰੀਵਾਲ ਨੇ ਭਗਵੰਤ ਮਾਨ ਕਰ ਰਹੇ ਹਨ ਬੁਲਡੋਜ਼ਰ ਐਕਸ਼ਨ ਦੀ ਤਾਰੀਫ
ਦੱਸ ਦਈਏ ਕਿ ਹਰਭਜਨ ਸਿੰਘ ਸਮੇਤ ਵਿਰੋਧੀ ਪਾਰਟੀਆਂ ਜਿਥੇ ਇਸ ਬੁਲਡੋਜ਼ਰ ਐਕਸ਼ਨ ਨੂੰ ਗ਼ੈਰ-ਕਾਨੂੰਨੀ ਕਾਰਵਾਈ ਕਰਾਰ ਦੇ ਰਹੇ ਹਨ, ਉਥੇ ਹੀ ਲੋਕਾਂ ਦੀ ਸ਼ਲਾਘਾ ਖੱਟਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ‘ਆਪ’ ਸਰਕਾਰ ਦੀ ਨਸ਼ਾ ਤਸਕਰੀ ਵਿਰੁੱਧ ਇਸ ਨੂੰ ਬੇਮਿਸਾਲ ਕਾਰਵਾਈ ਦੱਸ ਰਹੇ ਹਨ। ਦੋਵਾਂ ਆਗੂਆਂ ਨੇ ਕਿਹਾ, ''ਅਸੀਂ ਨਸ਼ਿਆਂ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ। ਪਿਛਲੇ 20 ਦਿਨਾਂ ਤੋਂ ਚੱਲ ਰਹੀ ਇਸ ਜੰਗ ਦੀਆਂ ਆਵਾਜ਼ਾਂ ਤੁਸੀਂ ਦੇਖ ਸਕਦੇ ਹੋ, ਜਿਸ ਵਿੱਚ ਵੱਡੇ-ਵੱਡੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਬੁਲਡੋਜ਼ਰਾਂ ਨਾਲ ਢਾਹਿਆ ਜਾ ਰਿਹਾ ਹੈ। ਪਹਿਲੀ ਵਾਰ ਕਿਸੇ ਸਰਕਾਰ ਨੇ ਇਨ੍ਹਾਂ ਤਸਕਰਾਂ ਦਾ ਸਿੱਧਾ ਮੁਕਾਬਲਾ ਕਰਨ ਦੀ ਹਿੰਮਤ ਕੀਤੀ ਹੈ।''
ਨੌਜਵਾਨਾਂ ਨੂੰ ਭੱਜੀ ਨੇ ਕੀਤੀ ਅਪੀਲ
ਹਰਭਜਨ ਸਿੰਘ ਨੇ ਇੱਕ ਗੱਲਬਾਤ ਦੌਰਾਨ ਕਿਹਾ ਕਿ ਨਸ਼ੇ ਪਰਿਵਾਰ ਨੂੰ ਖਤਮ ਕਰ ਦਿੰਦੇ ਹਨ। ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਨਸ਼ਿਆਂ ਖਿਲਾਫ਼ ਇਸ ਮੁਹਿੰਮ ਵਿੱਚ ਸਪੋਰਟਸਮੈਨ ਵੀ ਮਿਲ ਕੇ ਕੰਮ ਕਰਨ, ਤਾਂ ਜੋ ਇਸ ਬੁਰਾਈ ਤੋਂ ਛੇਤੀ ਛੁਟਕਾਰਾ ਪਾਇਆ ਜਾ ਸਕੇ।
ਸਾਂਸਦ ਨੇ ਨੌਜਵਾਨਾਂ ਨੂੰ ਵੀ ਖਾਸ ਤੌਰ 'ਤੇ ਅਪੀਲ ਕੀਤੀ ਕਿ ਨਸ਼ੇ ਨੂੰ ਛੱਡਣਾ ਚਾਹੀਦਾ ਹੈ, ਕਿਉਂਕਿ ਜਾਨ ਹੈ ਤਾਂ ਜਹਾਨ ਹੈ। ਨਸ਼ਾ ਹਰ ਦਿਨ ਤੁਹਾਨੂੰ ਅੰਦਰੋਂ ਖਤਮ ਕਰ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਨਸ਼ੇ ਨੂੰ ਛੱਡੋ, ਕਿਉਂਕਿ ਤੁਹਾਡੇ ਆਪਣੇ ਨਾਲ ਪਰਿਵਾਰ ਵੀ ਤੁਹਾਡੇ 'ਤੇ ਨਿਰਭਰ ਹੈ।
ਭੱਜੀ ਨੇ ਕਿਹਾ ਕਿ ਪੰਜਾਬ ਜੇਕਰ ਨਸ਼ਾ ਮੁਕਤ ਹੋਵੇਗਾ ਤਾਂ ਹੀ ਰੰਗਲਾ ਪੰਜਾਬ ਬਣ ਸਕਦਾ ਹੈ, ਕਿਉਂਕਿ ਜੇਕਰ ਨੌਜਵਾਨ ਨਸ਼ੇ ਵਿੱਚ ਫਸੇ ਰਹਿਣਗੇ ਤਾਂ ਉਹ ਉਥੇ ਨਹੀਂ ਪਹੁੰਚ ਸਕਦੇ, ਜੋ ਉਨ੍ਹਾਂ ਵਿੱਚ ਕਾਬਲੀਅਤ ਹੈ, ਕਿਉਂਕਿ ਪੰਜਾਬੀਆਂ ਵਿੱਚ ਉਹ ਹਰ ਹੁਨਰ ਹੈ, ਜਿਸ ਨਾਲ ਉਹ ਹਰ ਤਰੱਕੀ ਛੋਹ ਸਕਦੇ ਹਨ। ਇਹ ਇੱਕ ਮਹਤਵਪੂਰਨ ਮੁੱਦਾ, ਜਿਸ 'ਤੇ ਕੰਮ ਹੋਣਾ ਬਹੁਤ ਜ਼ਰੂਰੀ ਹੈ।
- PTC NEWS