Paris Paralympics 2024 : ਨਿਸ਼ਾਦ ਕੁਮਾਰ ਨੇ ਪੈਰਿਸ ਪੈਰਾਲੰਪਿਕਸ ’ਚ ਜਿੱਤਿਆ ਚਾਂਦੀ ਦਾ ਤਮਗਾ , ਭਾਰਤ ਦੇ ਖਾਤੇ ’ਚ ਆਇਆ 7ਵਾਂ ਤਮਗਾ
Paris Paralympics 2024 : ਨਿਸ਼ਾਦ ਕੁਮਾਰ ਨੇ ਪੈਰਿਸ ਪੈਰਾਲੰਪਿਕ 'ਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੇ ਖਾਤੇ ’ਚ 7ਵਾਂ ਤਮਗਾ ਜੋੜਿਆ ਹੈ। ਇਸ ਅਥਲੀਟ ਨੇ ਹਾਈ ਜੰਪ ਟੀ47 ਦੇ ਮੁਕਾਬਲੇ ਵਿੱਚ ਲਗਾਤਾਰ ਦੂਜੀ ਵਾਰ ਚਾਂਦੀ ਦੇ ਤਗ਼ਮੇ ’ਤੇ ਕਬਜ਼ਾ ਕੀਤਾ। ਪੈਰਿਸ ਤੋਂ ਪਹਿਲਾਂ ਉਸ ਨੇ ਟੋਕੀਓ ਪੈਰਾਲੰਪਿਕਸ ਵਿੱਚ ਵੀ ਇਸੇ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਨਿਸ਼ਾਦ ਨੇ ਸੀਜ਼ਨ ਦੀ ਸਰਵੋਤਮ 2.04 ਮੀਟਰ ਦੀ ਛਾਲ ਮਾਰੀ ਅਤੇ ਸੋਨ ਤਮਗਾ ਜਿੱਤਣ ਵਾਲੇ ਅਮਰੀਕਾ ਦੇ ਰੋਡਰਿਕ ਟਾਊਨਸੇਂਡ ਤੋਂ ਪਿੱਛੇ ਰਹੇ। ਦੱਸ ਦਈਏ ਕਿ ਰੋਡਰਿਕ ਨੇ ਟੋਕੀਓ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ।
ਨਿਸ਼ਾਦ ਕੁਮਾਰ ਨੇ ਹਾਈ ਜੰਪ ਟੀ47 ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 11 ਖਿਡਾਰੀਆਂ ਵਿੱਚ ਦਬਦਬਾ ਬਣਾਇਆ। ਹਾਲਾਂਕਿ, ਟਾਊਨਸੇਂਡ ਨੇ ਸੀਜ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਪੇਸ਼ ਕੀਤਾ, 2.12 ਮੀਟਰ ਦਾ ਮਾਰਕ ਪਾਰ ਕਰਦੇ ਹੋਏ ਸੋਨ ਤਗਮਾ ਜਿੱਤਿਆ। ਨਿਸ਼ਾਦ 2.08 ਮੀਟਰ ਦੂਰ ਕਰਨ ਦੀ ਆਪਣੀ ਤੀਜੀ ਕੋਸ਼ਿਸ਼ ਵਿੱਚ ਅਸਫਲ ਰਹਿਣ ਤੋਂ ਬਾਅਦ ਨਿਰਾਸ਼ ਦਿਖਾਈ ਦਿੱਤੇ। ਹਾਲਾਂਕਿ, ਟਾਊਨਸੇਂਡ ਉਨ੍ਹਾਂ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਜੱਫੀ ਪਾ ਲਈ, ਦੋਵਾਂ ਖਿਡਾਰੀਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਆ ਗਈ।
ਰੋਡਰਿਕ ਟਾਊਨਸੇਂਡ ਅਤੇ ਨਿਸ਼ਾਦ ਕੁਮਾਰ ਤੋਂ ਇਲਾਵਾ, ਨਿਰਪੱਖ ਪੈਰਾਲੰਪਿਕ ਅਥਲੀਟਾਂ ਦੀ ਨੁਮਾਇੰਦਗੀ ਕਰਨ ਵਾਲੇ ਜਾਰਜੀ ਮਾਰਗੀਵ ਨੇ 2 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਇਸ ਦੌਰਾਨ ਇਕ ਹੋਰ ਭਾਰਤੀ ਹਾਈ ਜੰਪਰ ਰਾਮ ਪਾਲ 1.95 ਮੀਟਰ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਸੱਤਵੇਂ ਸਥਾਨ 'ਤੇ ਰਿਹਾ। ਖੈਰ ਨਿਸ਼ਾਦ ਦੇ ਇਸ ਤਗਮੇ ਨਾਲ ਭਾਰਤ ਨੇ ਐਥਲੈਟਿਕਸ ਵਿੱਚ ਹੁਣ ਤੱਕ ਤਿੰਨ ਤਗਮੇ ਜਿੱਤੇ ਹਨ। ਇਸ ਤੋਂ ਪਹਿਲਾਂ ਪੈਰਿਸ ਵਿੱਚ ਪ੍ਰੀਤੀ ਪਾਲ ਨੇ ਮਹਿਲਾਵਾਂ ਦੇ ਟੀ35 ਵਰਗ ਦੇ 100 ਅਤੇ 200 ਮੀਟਰ ਮੁਕਾਬਲਿਆਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਟੋਕੀਓ ਵਿੱਚ ਟ੍ਰੈਕ ਐਂਡ ਫੀਲਡ ਵਿੱਚ 8 ਮੈਡਲ ਜਿੱਤੇ ਸਨ।
ਇਹ ਵੀ ਪੜ੍ਹੋ : Avani Lekhara : 12 ਸਾਲ ਦੀ ਉਮਰ 'ਚ ਹੋ ਗਿਆ ਸੀ ਅਧਰੰਗ, ਪਰ ਨਹੀਂ ਮੰਨੀ ਹਾਰ, ਹੁਣ ਬਣੀ ਭਾਰਤ ਦੀ ਸਭ ਤੋਂ ਕਾਮਯਾਬ ਸ਼ੂਟਰ
- PTC NEWS