Pakistan ਨੇ ਭਾਰਤੀ ਉਡਾਣਾਂ ਲਈ ਹਵਾਈ ਖੇਤਰ 'ਤੇ ਪਾਬੰਦੀ ਇੱਕ ਮਹੀਨੇ ਲਈ ਵਧਾਈ: ਰਿਪੋਰਟ
Pakistan airspace closed for Indian flights : ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੇ ਆਪਣੇ ਫੈਸਲੇ ਨੂੰ ਇੱਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ। ਪਾਕਿਸਤਾਨ ਨੇ ਇਹ ਪਾਬੰਦੀ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਦੇ ਜਵਾਬ ਵਿੱਚ ਲਗਾਈ ਸੀ। ਸ਼ੁਰੂ ਵਿੱਚ ਇਹ ਪਾਬੰਦੀ 23 ਮਈ ਤੱਕ ਲਾਗੂ ਕੀਤੀ ਗਈ ਸੀ।
ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ (ICAO) ਦੇ ਨਿਯਮਾਂ ਅਨੁਸਾਰ ਕੋਈ ਵੀ ਦੇਸ਼ ਇੱਕ ਵਾਰ ਵਿੱਚ ਇੱਕ ਮਹੀਨੇ ਤੋਂ ਵੱਧ ਸਮੇਂ ਲਈ ਹਵਾਈ ਖੇਤਰ 'ਤੇ ਪਾਬੰਦੀ ਨਹੀਂ ਲਗਾ ਸਕਦਾ, ਇਸ ਲਈ ਹੁਣ ਇਸਨੂੰ ਇੱਕ ਹੋਰ ਮਹੀਨੇ ਲਈ ਵਧਾਇਆ ਜਾ ਰਿਹਾ ਹੈ। ਖ਼ਬਰਾਂ ਅਨੁਸਾਰ ਇਹ ਐਲਾਨ ਪਾਕਿਸਤਾਨ ਸਰਕਾਰ ਬੁੱਧਵਾਰ ਜਾਂ ਵੀਰਵਾਰ ਨੂੰ ਕਰ ਸਕਦੀ ਹੈ ਅਤੇ ਇਸ ਲਈ ਏਅਰਮੈਨ ਨੂੰ ਨੋਟਿਸ (NOTAM) ਵੀ ਜਾਰੀ ਕੀਤਾ ਜਾਵੇਗਾ।
ਭਾਰਤ ਨੇ 7 ਮਈ ਨੂੰ 'ਆਪ੍ਰੇਸ਼ਨ ਸਿੰਦੂਰ' ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ ਕੈਂਪਾਂ 'ਤੇ ਸਰਜੀਕਲ ਸਟ੍ਰਾਈਕ ਕੀਤੀ ਸੀ। ਇਹ ਕਾਰਵਾਈ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਸੀ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਰਿਪੋਰਟ ਦੇ ਅਨੁਸਾਰ ਭਾਰਤੀ ਫੌਜ ਦਾ ਕਹਿਣਾ ਹੈ ਕਿ 10 ਮਈ ਨੂੰ ਭਾਰਤ ਵੱਲੋਂ 8 ਪਾਕਿਸਤਾਨੀ ਫੌਜੀ ਚੌਕੀਆਂ 'ਤੇ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਫੌਜੀ ਕਾਰਵਾਈ ਰੋਕਣ ਦੀ ਬੇਨਤੀ ਕੀਤੀ ਸੀ।
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕੀਤਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ 1999 ਦੇ ਕਾਰਗਿਲ ਯੁੱਧ ਅਤੇ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਅਜਿਹੀ ਪਾਬੰਦੀ ਲਗਾਈ ਸੀ।
- PTC NEWS