Kapurthala News : ਫਰਾਂਸ 'ਚ 6 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ, ਲਾਤੀਵੀਆ ਤੋਂ ਮਿਲੀ ਚਿੱਠੀ ਨੇ ਉਡਾਏ ਹੋਸ਼
Kapurthala News : ਏਜੰਟਾਂ ਵੱਲੋਂ ਡੌਂਕੀ ਰਾਹੀਂ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਧੰਦਾ ਪੰਜਾਬ ਵਿੱਚ ਧੜੱਲੇ ਨਾਲ ਚੱਲ ਰਿਹਾ ਹੈ, ਜਿਸ ਨਾਲ ਹੁਣ ਤੱਕ ਕਈ ਘਰਾਂ ਦੇ ਚਿਰਾਗ਼ ਬੁੱਝ ਚੁੱਕੇ ਹਨ, ਪਰ ਫਿਰ ਵੀ ਇਹ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲਾ ਕਪੂਰਥਲਾ ਦੇ ਭੁਲੱਥ ਤੋਂ ਸਾਹਮਣੇ ਆ ਰਿਹਾ ਹੈ, ਜਿਥੋਂ ਦੇ 18 ਸਾਲਾ ਨੌਜਵਾਨ ਸਾਗਰ ਨੂੰ ਵਿਦੇਸ਼ ਜਾਣ ਦਾ ਸੁਪਨਾ ਲੈ ਬੈਠਾ ਹੈ। ਸਾਗਰ ਨੂੰ ਸਾਢੇ 5 ਮਹੀਨੇ ਹੋ ਚੁੱਕੇ ਹਨ ਲਾਪਤਾ ਹੋਏ, ਪਰ ਉਸ ਦਾ ਕੁੱਝ ਵੀ ਥਹੁ ਪਤਾ ਨਹੀਂ ਲੱਗ ਰਿਹਾ। ਆਪਣੇ ਪੁੱਤ ਦੀ ਖ਼ਬਰ ਬਾਰੇ ਮਾਪਿਆਂ 'ਚ ਪਹਿਲਾਂ ਹੀ ਚਿੰਤਾ ਪਾਈ ਜਾ ਰਹੀ ਸੀ ਕਿ ਉਸ ਦਾ ਕੀ ਬਣਿਆ ਹੋਵੇਗਾ, ਕਿ ਹੁਣ ਲਾਤੀਤੀਆ ਦੇਸ਼ ਦੀ ਸਰਕਾਰ ਨੇ ਉਨ੍ਹਾਂ ਨੂੰ ਚਿੱਠੀ ਭੇਜ ਕੇ ਡੀਐਨਈਏ ਦੀ ਮੰਗ ਨੇ ਨੀਂਦ ਉਡਾ ਦਿੱਤੀ ਹੈ।
ਸਾਗਰ ਦੇ ਪਿਤਾ ਉਨ੍ਹਾਂ ਦੇ ਗੁਆਂਢੀ 'ਚ ਰਹਿੰਦੇ ਇੱਕ ਏਜੰਟ ਰਾਜਿੰਦਰ ਕੁਮਾਰ ਨਾਲ ਉਨ੍ਹਾਂ ਦੀ ਸਾਗਰ ਨੂੰ ਫਰਾਂਸ ਭੇਜਣ ਦੀ ਗੱਲ ਹੋਈ ਸੀ, ਜਿਸ ਬਾਰੇ 15 ਲੱਖ ਰੁਪਏ ਦੇਣੇ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 8 ਲੱਖ ਰੁਪਏ ਉਹ ਏਜੰਟ ਨੂੰ ਦੇ ਚੁੱਕੇ ਹਨ, ਪਰ ਉਨ੍ਹਾਂ ਦੇ ਬੱਚੇ ਦਾ ਕੁੱਝ ਵੀ ਨਹੀਂ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਸਾਗਰ ਨੂੰ ਏਜੰਟ ਨੇ 6 ਜਨਵਰੀ 2024 ਨੂੰ ਡੌਂਕੀ ਰਾਹੀਂ ਭੇਜਿਆ ਸੀ, ਜਿਸ ਤੋਂ ਬਾਅਦ ਆਖਰੀ ਵਾਰ ਸਾਗਰ ਨਾਲ ਗੱਲਬਾਤ 25 ਫਰਵਰੀ ਨੂੰ ਹੋਈ ਪਰ ਫਿਰ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਏਜੰਟ ਤੋਂ ਬੱਚੇ ਬਾਰੇ ਪੁੱਛਿਆ ਗਿਆ ਤਾਂ ਉਹ ਲਾਰੇ ਲਗਾਉਂਦਾ ਆ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਲਾਤੀਵੀਆ ਦੇਸ਼ ਦੀ ਫੌਜ ਨੇ ਫੜ ਲਿਆ ਹੈ, ਜਦਕਿ ਉਨ੍ਹਾਂ ਨੂੰ ਸਾਗਰ ਦੇ ਨਾਲ ਕੁੱਝ ਮੁੰਡਿਆਂ ਵੱਲੋਂ ਫੋਨ ਵੀ ਆਏ ਹਨ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਪਰ ਉਨ੍ਹਾਂ ਨੂੰ ਇਸ ਬਾਰੇ ਵਿਸ਼ਵਾਸ ਨਹੀਂ। ਏਜੰਟ ਵੱਲੋਂ ਕੁੱਝ ਵੀ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਏਜੰਟ ਨੇ ਉਨ੍ਹਾਂ ਦੇ ਮੁੰਡੇ ਨੂੰ ਬੇਲਾਰੂਸ ਤੋਂ ਲਾਤੀਵੀਆ ਦੀ ਡੌਂਕੀ ਲਗਵਾਈ ਅਤੇ ਲੂਥਾਨੀਆ ਰਾਹੀਂ ਫਿਰ ਜਰਮਨੀ ਭੇਜਣਾ ਸੀ।
ਸਾਗਰ ਦੇ ਪਿਤਾ ਨੇ ਕਿਹਾ ਕਿ ਸਾਗਰ ਉਨ੍ਹਾਂ ਦਾ ਇਕਲੌਤਾ ਪੁੱਤ ਹੈ ਅਤੇ ਹੁਣ ਉਨ੍ਹਾਂ ਨੂੰ ਲਾਤਵੀਆ ਸਰਕਾਰ ਨੇ ਚਿੱਠੀ ਭੇਜ ਕੇ ਡੀਐਨਏ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇੱਕ ਬੱਚੇ ਦੀ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਕੀਤੀ ਜਾਣੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਦੇ ਸਾਗਰ ਦੇ ਹੋਣ ਬਾਰੇ ਨਹੀਂ ਕਿਹਾ।
ਉਨ੍ਹਾਂ ਕਿਹਾ ਕਿ ਆਪਣੇ ਬੱਚੇ ਦੀ ਜਾਣਕਾਰੀ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਵੀ ਕਈ ਸ਼ਿਕਾਇਤਾਂ ਦਿੱਤੀਆਂ। ਐਸਐਚਓ ਨੂੰ ਵੀ ਕਈ ਦਰਖਾਸਤਾਂ ਦੇ ਚੁੱਕੇ ਹਨ ਪਰ ਕਿਤੇ ਸੁਣਵਾਈ ਨਹੀਂ ਹੋ ਰਹੀ। ਉਧਰ, ਏਜੰਟ ਵੀ ਲਾਰੇ ਲਗਾ ਰਿਹਾ ਹੈ ਅਤੇ ਕੁੱਝ ਵੀ ਸੱਚ ਨਹੀਂ ਦੱਸ ਰਿਹਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਉਨ੍ਹਾਂ ਦੇ ਪੁੱਤਰ ਬਾਰੇ ਜੋ ਕੁੱਝ ਵੀ ਹੈ ਸੱਚ ਸਾਹਮਣੇ ਲਿਆਂਦਾ ਜਾਵੇ।
- PTC NEWS