Remo D'Souza : ਧੋਖਾਧੜੀ ਮਾਮਲੇ 'ਚ ਫਸੇ ਰੇਮੋ ਡਿਸੂਜ਼ਾ ਤੇ ਉਨ੍ਹਾਂ ਦੀ ਪਤਨੀ ਲਿਜੇਲ ਡਿਸੂਜ਼ਾ, ਕਰੋੜਾਂ ਦੇ ਘਪਲੇ ਦੇ ਇਲਜ਼ਾਮ
Remo D'Souza and Lizelle D'Souza : ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਅਤੇ ਉਨ੍ਹਾਂ ਦੀ ਪਤਨੀ ਲਿਜੇਲ ਡਿਸੂਜ਼ਾ ਸਮੇਤ ਪ੍ਰੋਡਕਸ਼ਨ ਕੰਪਨੀ ਦੇ ਕਈ ਲੋਕ ਵੱਡੀ ਮੁਸੀਬਤ ਵਿੱਚ ਹਨ। ਦਰਅਸਲ, ਇੱਕ ਡਾਂਸ ਗਰੁੱਪ ਨੇ ਉਨ੍ਹਾਂ ਖਿਲਾਫ 11.96 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਖਬਰਾਂ ਮੁਤਾਬਿਕ ਸ਼ਨੀਵਾਰ ਨੂੰ ਮਹਾਰਾਸ਼ਟਰ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਰੇਮੋ ਅਤੇ ਲਿਜੇਲ ਤੋਂ ਇਲਾਵਾ 5 ਹੋਰ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।
26 ਸਾਲਾ ਡਾਂਸਰ ਨੇ ਸ਼ਿਕਾਇਤ ਕੀਤੀ
ਰਿਪੋਰਟ ਮੁਤਾਬਕ ਇੱਕ ਅਧਿਕਾਰੀ ਨੇ ਦੱਸਿਆ ਕਿ 26 ਸਾਲਾ ਡਾਂਸਰ ਦੀ ਸ਼ਿਕਾਇਤ ਦੇ ਆਧਾਰ 'ਤੇ 16 ਅਕਤੂਬਰ ਨੂੰ ਰੇਮੋ ਡਿਸੂਜ਼ਾ ਅਤੇ ਉਨ੍ਹਾਂ ਦੀ ਪਤਨੀ ਲਿਜੇਲ ਡਿਸੂਜ਼ਾ ਸਮੇਤ 5 ਹੋਰਾਂ ਖਿਲਾਫ ਮਹਾਰਾਸ਼ਟਰ ਦੇ ਮੀਰਾ ਰੋਡ ਪੁਲਿਸ ਸਟੇਸ਼ਨ 'ਚ ਧਾਰਾ 465 ਤਹਿਤ ਐੱਫਆਈਆਰ (ਧੋਖਾਧੜੀ) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੋਰੀਓਗ੍ਰਾਫਰ ਅਤੇ ਹੋਰਾਂ 'ਤੇ ਕੀ ਇਲਜ਼ਾਮ ਲਗਾਏ ?
ਦੱਸ ਦੇਈਏ ਕਿ ਐਫਆਈਆਰ ਅਨੁਸਾਰ ਸ਼ਿਕਾਇਤਕਰਤਾ ਅਤੇ ਉਸਦੀ ਟੀਮ ਨਾਲ 2018 ਤੋਂ ਜੁਲਾਈ 2024 ਦਰਮਿਆਨ ਕਥਿਤ ਤੌਰ 'ਤੇ ਧੋਖਾਧੜੀ ਕੀਤੀ ਗਈ ਸੀ। ਉਸ ਨੇ ਕਿਹਾ ਕਿ ਟੀਮ ਨੇ ਇੱਕ ਟੈਲੀਵਿਜ਼ਨ ਸ਼ੋਅ ਵਿੱਚ ਪ੍ਰਦਰਸ਼ਨ ਕੀਤਾ ਅਤੇ ਇਸ ਨੂੰ ਜਿੱਤ ਲਿਆ, ਪਰ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਅਜਿਹਾ ਦਿਖਾਵਾ ਕੀਤਾ ਜਿਵੇਂ ਇਹ ਸਮੂਹ ਉਨ੍ਹਾਂ ਦਾ ਹੈ ਅਤੇ 11.96 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਲੈਣ ਦਾ ਦਾਅਵਾ ਕੀਤਾ ਹੈ।
ਇਸ ਤੋਂ ਇਲਾਵਾ, ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੇ ਹੋਰ ਮੁਲਜ਼ਮਾਂ ਵਿੱਚ ਓਮਪ੍ਰਕਾਸ਼ ਸ਼ੰਕਰ ਚੌਹਾਨ, ਰੋਹਿਤ ਜਾਧਵ, ਫਰੇਮ ਪ੍ਰੋਡਕਸ਼ਨ ਕੰਪਨੀ, ਵਿਨੋਦ ਰਾਊਤ, ਇੱਕ ਪੁਲਿਸ ਮੁਲਾਜ਼ਮ ਅਤੇ ਰਮੇਸ਼ ਗੁਪਤਾ ਸ਼ਾਮਲ ਹਨ। ਫਿਲਹਾਲ ਇਹ ਮਾਮਲਾ ਜਾਂਚ ਅਧੀਨ ਹੈ। ਹਾਲਾਂਕਿ ਇਸ ਮਾਮਲੇ 'ਤੇ ਕੋਰੀਓਗ੍ਰਾਫਰ ਜਾਂ ਉਨ੍ਹਾਂ ਦੀ ਪਤਨੀ ਦੀ ਪ੍ਰਤੀਕਿਰਿਆ ਅਜੇ ਸਾਹਮਣੇ ਨਹੀਂ ਆਈ ਹੈ।
ਸਾਲਾਂ ਤੋਂ ਸ਼ੋਅ ਨੂੰ ਜੱਜ ਕਰ ਰਹੇ ਹਨ ਰੇਮੋ
ਤੁਹਾਨੂੰ ਦੱਸ ਦੇਈਏ ਕਿ ਕੋਰੀਓਗ੍ਰਾਫਰ ਹੋਣ ਤੋਂ ਇਲਾਵਾ ਰੇਮੋ 2009 ਤੋਂ ਕਈ ਡਾਂਸ ਰਿਐਲਿਟੀ ਸ਼ੋਅਜ਼ ਵਿੱਚ ਜੱਜ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਹੁਣ ਤੱਕ, ਉਸਨੇ ਡਾਂਸ ਇੰਡੀਆ ਡਾਂਸ, ਝਲਕ ਦਿਖਲਾ ਜਾ, ਡਾਂਸ ਕੇ ਸੁਪਰਸਟਾਰਸ, ਡਾਂਸ ਪਲੱਸ, ਡਾਂਸ ਚੈਂਪੀਅਨਜ਼, ਇੰਡੀਆਜ਼ ਬੈਸਟ ਡਾਂਸਰ, ਡੀਆਈਡੀ ਲਿਟਲ ਮਾਸਟਰ ਅਤੇ ਡੀਆਈਡੀ ਸੁਪਰ ਮੌਮਸ ਵਰਗੇ ਸ਼ੋਅ ਜੱਜ ਕੀਤੇ ਹਨ। ਇਸ ਦੌਰਾਨ, 2018 ਅਤੇ 2024 ਦੇ ਵਿਚਕਾਰ, ਰੇਮੋ ਨੇ ਡਾਂਸ ਪਲੱਸ ਸੀਜ਼ਨ 4, 5, 6, ਇੰਡੀਆਜ਼ ਬੈਸਟ ਡਾਂਸਰ, ਹਿਪ ਹੌਪ ਇੰਡੀਆ ਅਤੇ ਡਾਂਸ ਪਲੱਸ ਪ੍ਰੋ ਵਰਗੇ ਸ਼ੋਅ ਵੀ ਹੋਸਟ ਕੀਤੇ ਹਨ।
- PTC NEWS