Jammu and kashmir News : ਪਿੰਡ ਕੌਲਪੁਰ ’ਚ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦੇ ਸਬੰਧ ’ਚ ਹੋਇਆ ਪਸ਼ਚਾਤਾਪ ਸਮਾਗਮ
Jammu and kashmir News : ਜੰਮੂ ਕਸ਼ਮੀਰ ਅੰਦਰ ਜ਼ਿਲ੍ਹਾ ਸਾਂਬਾ ਦੇ ਪਿੰਡ ਕੌਲਪੁਰ ਜਿਥੇ ਬੀਤੇ ਦਿਨੀਂ ਇੱਕ ਸਿਰਫਿਰੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅੱਗ ਲਗਾ ਕੇ ਬੇਅਦਬੀ ਕੀਤੀ ਸੀ, ਵਿਖੇ ਅੱਜ ਪਸ਼ਚਾਤਾਪ ਸਮਾਗਮ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਗੁਰਬਾਣੀ ਕੀਰਤਨ ਹੋਇਆ ਅਤੇ ਪਸ਼ਚਾਤਾਪ ਵਜੋਂ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਅਤੇ ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਅਜਿਹੇ ਮਾਮਲਿਆਂ ਵਿੱਚ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ।
ਐਡਵੋਕੇਟ ਧਾਮੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਸੰਗਤਾਂ ਦਾ ਹਰ ਤਰ੍ਹਾਂ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਇਸ ਲਈ ਨਾਮਵਰ ਵਕੀਲਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਪਰੰਤੂ ਸਰਕਾਰਾਂ ਦੀ ਢਿੱਲ ਕਾਰਨ ਦੋਸ਼ੀ ਸਜ਼ਾਵਾਂ ਤੋਂ ਬਚ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀਆਂ ਨੂੰ ਰੋਕਣ ਲਈ ਜਿਥੇ ਸਖ਼ਤ ਕਾਨੂੰਨ ਦੀ ਲੋੜ ਹੈ, ਉਥੇ ਹੀ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਪ੍ਰਬੰਧਾਂ ਪ੍ਰਤੀ ਸੁਚੇਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ’ਚ ਹਰ ਵੇਲੇ ਸੇਵਾਦਾਰ ਦੀ ਹਾਜ਼ਰੀ ਯਕੀਨੀ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਬਣਾਈ ਗਈ 31 ਮੈਂਬਰੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਦੀ ਭੈ-ਭਾਵਨੀ ਵਿਚ ਰਹਿ ਕੇ ਗੁਰੂ-ਆਸ਼ੇ ਅਨੁਸਾਰ ਸੇਵਾ ਨਿਭਾਉਣ।
ਉਨ੍ਹਾਂ ਨੇੜਲੇ ਪਿੰਡ ਦੀਆਂ ਸੰਗਤਾਂ ਵੱਲੋਂ ਦੋ ਗੁਰਦੁਆਰਾ ਸਾਹਿਬਾਨ ਤੋਂ ਇੱਕ ਗੁਰਦੁਆਰਾ ਕਰਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਰ ਪਿੰਡ ਵਿਚ ਇੱਕ ਗੁਰਦੁਆਰਾ ਹੋਣ ਨਾਲ ਜਿਥੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ, ਉਥੇ ਹੀ ਪੁਖਤਾ ਪ੍ਰਬੰਧਾਂ ਲਈ ਵੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਕਾਰਜ ਲਈ ਸੰਗਤ ਦੇ ਸਨਮਾਨ ਵਜੋਂ ਹਰ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਭਾਈ ਜਗਤਾਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਅਜਮੀਤ ਸਿੰਘ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।
ਜ਼ਿਕਰਯੋਗ ਹੈ ਕਿ ਬੇਅਦਬੀ ਦੀ ਘਟਨਾ ਮਗਰੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਗੁਰਦੁਆਰਾ ਸਾਹਿਬ ਤੋਂ ਪਾਵਨ ਸਰੂਪ ਲੈ ਲਏ ਗਏ ਸਨ। ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਪੜਤਾਲੀਆ ਟੀਮ ਦੀ ਰਿਪੋਰਟ ਅਤੇ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹੁਣ ਦੁਬਾਰਾ ਗੁਰਦੁਆਰਾ ਸਾਹਿਬ ਵਿਖੇ ਪਾਵਨ ਸਰੂਪ ਸੁਸ਼ੋਭਿਤ ਕੀਤੇ ਗਏ ਹਨ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ਼ ਸਿੰਘ ਪੰਨੂ, ਓਐਸਡੀ ਸਤਬੀਰ ਸਿੰਘ, ਨਿੱਜੀ ਸਕੱਤਰ ਸ਼ਾਹਬਾਜ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਭਾਈ ਅਜਮੀਤ ਸਿੰਘ, ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਭਾਈ ਹਰਭਿੰਦਰ ਸਿੰਘ, ਭਾਈ ਜਗਤਾਰ ਸਿੰਘ ਕੋਆਰਡੀਨੇਟਰ ਸਿੱਖ ਮਿਸ਼ਨ ਜੰਮੂ ਕਸ਼ਮੀਰ, ਅਜੀਤ ਸਿੰਘ ਚੇਅਰਮੈਨ ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ, ਰਣਜੀਤ ਸਿੰਘ ਟੌਹੜਾ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਕਮੇਟੀ ਜੰਮੂ, ਮਨਜੀਤ ਸਿੰਘ ਸਾਬਕਾ ਮੰਤਰੀ, ਜਸਬੀਰ ਸਿੰਘ, ਕੁਲਵਿੰਦਰ ਸਿੰਘ ਸਮੇਤ ਸਮੂਹ ਜ਼ਿਲ੍ਹਾ ਕਮੇਟੀਆਂ, ਨੌਜੁਆਨ ਸਭਾਵਾਂ ਸਮੇਤ ਸਥਾਨਕ ਸੰਗਤਾਂ ਮੌਜੂਦ ਸਨ।
ਇਹ ਵੀ ਪੜ੍ਹੋ : Punjab DGP Gaurav Yadav ’ਤੇ ਲੱਗਿਆ 2 ਲੱਖ ਰੁਪਏ ਦਾ ਜੁਰਮਾਨਾ ! ਜਾਣੋ ਪੂਰਾ ਮਾਮਲਾ
- PTC NEWS