Sri Muktsar Sahib News : ਪਿੰਡ ਵੜਿੰਗ ’ਚ ਟੋਲ ਪਲਾਜ਼ਾ ’ਤੇ ਹੰਗਾਮਾ; ਪੁਲਿਸ ਨੇ ਧੱਕੇ ਨਾਲ ਚੁੱਕਵਾਇਆ ਕਿਸਾਨਾਂ ਦਾ ਧਰਨਾ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਲੱਗੇ ਟੋਲ ਪਲਾਜਾ ’ਤੇ ਅੱਜ ਸਵੇਰੇ ਹੀ ਵੱਡੀ ਗਿਣਤੀ ਵਿੱਚ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਪੂਰੀ ਤਿਆਰੀ ਨਾਲ ਪਹੁੰਚੇ। ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਧਰਨਾ ਲਗਾਇਆ ਗਿਆ ਸੀ, ਜਿਸ ਨੂੰ ਪੁਲਿਸ ਨੇ ਕਾਰਵਾਈ ਕਰਕੇ ਧਰਨੇ ਹਟਾ ਦਿੱਤਾ ਗਿਆ ਹੈ। ਪੁਲਿਸ ਪਾਸੇ ਵਾਟਰ ਕੈਨਨ ਵਾਲੀਆਂ ਗੱਡੀਆਂ, ਗ੍ਰਿਫਤਾਰੀ ਕਰਨ ਲਈ ਬੱਸਾਂ ਅਤੇ ਹੋਰ ਸਾਧਨ ਵੀ ਤਿਆਰ ਰੱਖੇ ਗਏ ਸਨ। ਧਰਨਾ ਚੁਕਾਉਣ ਸਮੇਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਵੱਲੋਂ ਮੌਕੇ ਤੋਂ ਹਟਾ ਦਿੱਤਾ ਗਿਆ, ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹਨਾਂ ਨੂੰ ਕਿੱਥੇ ਲਜਾਇਆ ਗਿਆ ਹੈ।
ਦੱਸ ਦਈਏ ਕਿ ਵੜਿੰਗ ਟੋਲ ਪਲਾਜਾ ’ਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਧਰਨੇ ਕਰਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਟੋਲ ਪਲਾਜਾ ਕੰਪਨੀ ਨੇ ਜੁੜਵਾ ਨਹਿਰਾਂ ’ਤੇ ਪੁਲ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਇਹ ਪੁਲ ਨਹੀਂ ਬਣਾਇਆ ਗਿਆ। ਪਹਿਲਾਂ ਵੀ ਡਕਾਉਂਦਾ ਕਿਸਾਨ ਯੂਨੀਅਨ ਵੱਲੋਂ ਕਰੀਬ ਦੋ ਸਾਲ ਧਰਨਾ ਲਗਾਇਆ ਗਿਆ ਸੀ, ਜੋ ਕਿ ਲਿਖਤੀ ਸਮਝੌਤੇ ਤੋਂ ਬਾਅਦ ਚੁੱਕਿਆ ਗਿਆ। ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੁੜ ਟੋਲ ਪਲਾਜਾ ’ਤੇ ਪੱਕਾ ਮੋਰਚਾ ਲਗਾ ਦਿੱਤਾ ਗਿਆ।
ਇਸ ਧਰਨੇ ਦੌਰਾਨ ਪਿੰਡ ਵਾਸੀ ਵੀ ਕਿਸਾਨ ਯੂਨੀਅਨ ਦੇ ਵਿਰੋਧ ਵਿੱਚ ਖੜ੍ਹੇ ਹੋ ਗਏ ਸਨ, ਜਿਸ ਕਾਰਨ ਤਕਰਾਰਬਾਜ਼ੀ ਦੇ ਹਾਲਾਤ ਵੀ ਬਣੇ। ਹਾਲਾਂਕਿ ਮਾਹੌਲ ਕੁਝ ਸਮੇਂ ਲਈ ਸ਼ਾਂਤ ਰਿਹਾ ਪਰ ਬਾਅਦ ਵਿੱਚ ਕਿਸਾਨਾਂ ਵੱਲੋਂ ਮੁੜ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਟੋਲ ਪਲਾਜਾ ਕੰਪਨੀ ਦੇ ਨੁਮਾਇੰਦਿਆਂ ਨਾਲ ਕਈ ਵਾਰ ਗੱਲਬਾਤ ਹੋਈ ਪਰ ਕੋਈ ਹੱਲ ਨਹੀਂ ਨਿਕਲਿਆ। ਅੱਜ ਜਦੋਂ ਪੁਲਿਸ ਵੱਲੋਂ ਡਕਾਉਂਦਾ ਕਿਸਾਨ ਯੂਨੀਅਨ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਅਤੇ ਪੁਰਾਣੇ ਸਮਝੌਤੇ ਦੀ ਜਾਂਚ ਕੀਤੀ ਗਈ, ਉਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਡਿਟੇਨ ਕਰ ਲਿਆ।
ਧਰਨਾ ਚੁਕਾਉਣ ਤੋਂ ਬਾਅਦ ਪੁਲਿਸ ਨੇ ਟਰੈਕਟਰ ਟਰਾਲੀਆਂ, ਮੋਟਰਸਾਈਕਲਾਂ ਅਤੇ ਕਿਸਾਨਾਂ ਦੇ ਹੋਰ ਸਮਾਨ ’ਤੇ ਕਬਜ਼ਾ ਕਰ ਲਿਆ ਅਤੇ ਟੋਲ ਪਲਾਜਾ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ। ਮੌਕੇ ’ਤੇ ਭਾਰੀ ਪੁਲਿਸ ਬਲ ਦੀ ਮੌਜੂਦਗੀ ਕਾਰਨ ਹਾਲਾਤ ਤਣਾਅਪੂਰਨ ਰਹੇ ਪਰ ਕਿਸੇ ਵੱਡੇ ਟਕਰਾਅ ਦੀ ਖ਼ਬਰ ਸਾਹਮਣੇ ਨਹੀਂ ਆਈ।
ਇਹ ਵੀ ਪੜ੍ਹੋ : Punjab News : 'ਆਪ' MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਹਿਰਾਸਤ 'ਚ ਲਿਆ, ਨਿਆਂਇਕ ਹਿਰਾਸਤ 'ਚ ਭੇਜਿਆ ,ਜਾਣੋਂ ਪੂਰਾ ਮਾਮਲਾ
- PTC NEWS