Emergency Movie : ਸ਼੍ਰੋਮਣੀ ਕਮੇਟੀ ਨੇ ਐਮਰਜੈਂਸੀ ਫ਼ਿਲਮ ਦੇ ਨਿਰਮਾਤਾਵਾਂ ਨੂੰ ਭੇਜਿਆ ਕਾਨੂੰਨੀ ਨੋਟਿਸ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਕਿਰਦਾਰ ਅਤੇ ਇਤਿਹਾਸ ਪੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੀ ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਸਿੱਖ-ਵਿਰੋਧੀ ਭਾਵਨਾ ਵਾਲੇ ਇਤਰਾਜ਼ਯੋਗ ਦ੍ਰਿਸ਼ ਕੱਟਣ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਵੱਲੋਂ ਭੇਜੇ ਗਏ ਨੋਟਿਸ ਵਿੱਚ ਕੰਗਨਾ ਰਣੌਤ ਸਮੇਤ ਫ਼ਿਲਮ ਦੇ ਨਿਮਰਾਤਾਵਾਂ ਨੂੰ ਜਾਰੀ ਕੀਤਾ ਗਿਆ ਟ੍ਰੇਲਰ ਵੀ ਜਨਤਕ ਅਤੇ ਸੋਸ਼ਲ ਮੀਡੀਆ ਮੰਚਾਂ ਤੋਂ ਹਟਾ ਕੇ ਸਿੱਖ ਕੌਮ ਪਾਸੋਂ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਗਨਾ ਰਣੌਤ ਦੀ ਐਮਰਜੈਂਸੀ ਫ਼ਿਲਮ ਦਾ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਸਿੱਖ ਸੰਸਥਾ ਵੱਲੋਂ ਇਸ ਦੇ ਵਿਰੁੱਧ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਇਸ ਫ਼ਿਲਮ ਉੱਤੇ ਸਭ ਤੋਂ ਪਹਿਲਾਂ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਉੱਤੇ ਰੋਕ ਲਗਾਉਣ ਲਈ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਿਨੀ ਵੈਸ਼ਨਵ ਅਤੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੂੰ ਵੱਖ-ਵੱਖ ਪੱਤਰ ਲਿਖੇ ਗਏ ਸਨ।
ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ ਅਨੁਸਾਰ ਹੁਣ ਕੰਗਨਾ ਰਣੌਤ ਸਮੇਤ ਇਸ ਫ਼ਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਫ਼ਿਲਮ ਦੇ ਜਾਰੀ ਕੀਤੇ ਗਏ ਟ੍ਰੇਲਰ ਤੋਂ ਬਾਅਦ ਕਈ ਸਿੱਖ ਵਿਰੋਧੀ ਦ੍ਰਿਸ਼ ਸਾਹਮਣੇ ਆਏ ਸਨ, ਜਿਨ੍ਹਾਂ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ। ਫਿਲਮ ਵਿੱਚ 1984 ਦੇ ਘੱਲੂਘਾਰੇ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਮੇਤ ਸਿੱਖਾਂ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ ਅਤੇ ਗਲਤ ਪ੍ਰਾਪੇਗੰਡਾ ਦੇ ਆਧਾਰ ’ਤੇ ਸਿੱਖਾਂ ਨੂੰ ਦਹਿਸ਼ਤਗਰਦ ਅਤੇ ਵੱਖਵਾਦੀਆਂ ਦੇ ਰੂਪ ਵਿੱਚ ਦਿਖਾਉਣ ਦੀ ਕੋਝੀ ਹਰਕਤ ਕੀਤੀ ਗਈ ਹੈ ਜੋ ਕਿ ਬਰਦਾਸ਼ਤਯੋਗ ਨਹੀਂ ਤੇ ਸੱਚਾਈ ਤੋਂ ਕੋਹਾਂ ਦੂਰ ਹੈ।
ਪ੍ਰਤਾਪ ਸਿੰਘ ਨੇ ਕਿਹਾ ਕਿ ਫਿਲਮ ਦਾ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਸਿੱਖ ਸੰਗਤ ਅੰਦਰ ਭਾਰੀ ਰੋਸ ਹੈ, ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਗਨਾ ਰਣੌਤ ਤੇ ਫ਼ਿਲਮ ਨਿਰਮਾਤਾਵਾਂ ਵੱਲੋਂ ਸਿੱਖ ਵਿਰੋਧੀ ਇਤਰਾਜ਼ਯੋਗ ਦ੍ਰਿਸ਼ ਨਾ ਕੱਟੇ ਗਏ ਤਾਂ, ਤਾਂ ਉਨ੍ਹਾਂ ਖਿਲਾਫ਼ ਹਰ ਪੱਧਰ ਉੱਤੇ ਕਾਨੂੰਨੀ ਕਾਰਵਾਈ ਅੱਗੇ ਵਧਾਉਣ ਦੇ ਨਾਲ-ਨਾਲ ਸਖ਼ਤ ਵਿਰੋਧ ਕੀਤਾ ਜਾਵੇਗਾ।
- PTC NEWS