Nykaa Controversy : 800 ਰੁਪਏ 'ਚ ਵੇਚੀ ਜਾ ਰਹੀ 'ਏਕ ਓਂਕਾਰ' ਲਿਖੀ ਟੋਪੀ, Online Shopping ਕੰਪਨੀ ਨੇ ਪੈਦਾ ਕੀਤਾ ਨਵਾਂ ਵਿਵਾਦ
Nykaa Controversy : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਥੇ ਰੁਕ ਨਹੀਂ ਰਹੀਆਂ, ਉਥੇ ਹੀ ਹੁਣ ਆਨਲਾਈਨ ਸ਼ਾਪਿੰਗ ਬਰਾਂਡ ਕੰਪਨੀ 'ਨਯਕਾ' ਵੱਲੋਂ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਗਈ ਹੈ। ਆਨਲਾਈਨ ਸ਼ਾਪਿੰਗ ਬਰਾਂਡ ਵੱਲੋਂ ਸਿੱਖ ਧਾਰਮਿਕ ਚਿੰਨ੍ਹ 'ਏਕ ਓਂਕਾਰ' ਨੂੰ ਇੱਕ ਟੋਪੀ ਉਪਰ ਉਕੇਰਿਆ ਗਿਆ ਹੈ।
ਕੰਪਨੀ ਵੱਲੋਂ ਇਸ ਨੂੰ ਆਪਣੇ ਬਰਾਂਡ ਨਾਮ ਹੇਠ 800 ਰੁਪਏ ਦੀ ਕੀਮਤ ਵਿੱਚ ਵੇਚਿਆ ਜਾ ਰਿਹਾ ਹੈ। ਇਹ ਟੋਪੀ ਕਾਲੇ ਰੰਗ ਦੀ ਹੈ ਅਤੇ ਇਸ ਉਪਰ 3ਡੀ ਰਬੜ ਨਾਲ ਧਾਰਮਿਕ ਚਿੰਨ੍ਹ ਬਣਾਇਆ ਗਿਆ ਹੈ। ਕੰਪਨੀ ਦੀ ਵੈਬਸਾਈਟ 'ਤੇ ਇਹ ਇੱਕ ਪ੍ਰੀਮੀਅਮ ਬੇਸਬਾਲ ਕੈਪ ਦੱਸੀ ਗਈ ਹੈ।
ਦੱਸ ਦਈਏ ਕਿ ਇਹ ਕੰਪਨੀ ਦੀ ਸੀਈਓ ਅਤੇ ਮਾਲਕ 61 ਸਾਲਾ ਮਹਿਲਾ ਫਾਲਗੁਨੀ ਨਈਅਰ ਹੈ, ਜਿਸ ਨੇ 2012 ਵਿੱਚ ਨਯਕਾ ਬਰਾਂਡ ਦੀ ਸ਼ੁਰੂਆਤ ਕੀਤੀ ਸੀ।
ਐਸਜੀਪੀਸੀ ਨੇ ਪ੍ਰਗਟਾਇਆ ਇਤਰਾਜ਼
ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਮਾਮਲਾ ਸਾਹਮਣੇ ਆਉਣ 'ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਪਵਿੱਤਰ ਗੁਰਬਾਣੀ ਦਾ ਕੋਈ ਵੀ ਸ਼ਬਦ ਨਾ ਹੀ ਸਰੀਰ ਅਤੇ ਨਾ ਹੀ ਕੱਪੜੇ 'ਤੇ ਲਿਖਿਆ ਜਾਵੇ। ਇਥੋਂ ਤੱਕ ਕਿ ਹੁਣ ਤਾਂ ਸਿੰਘ ਸਾਹਿਬ ਨੇ ਰੁਮਾਲਿਆਂ 'ਤੇ ਵੀ ਨਾ ਲਿਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਦੁਨੀਆ ਭਰ ਦੇ ਸਿੱਖ ਮਨਾ ਨੂੰ ਠੇਸ ਪਹੁੰਚਾਈ ਹੈ ਅਤੇ ਇਸ ਸਬੰਧੀ ਕਾਰਵਾਈ ਕਰਕੇ ਕੰਪਨੀ ਨੂੰ ਨੋਟਿਸ ਭੇਜਿਆ ਜਾਵੇਗਾ, ਤਾਂ ਜੋ ਇਹੋ-ਜਿਹੀਆਂ ਹਰਕਤਾਂ ਕਰਨ ਵਾਲੇ ਸਿੱਖ ਪੰਥ 'ਚ ਦਖਲਅੰਦਾਜੀ ਕਰਨ ਤੋਂ ਬਾਜ ਆਉਣ।
- PTC NEWS